ਚੰਡੀਗੜ੍ਹ: ਬੇਅਦਬੀ ਤੇ ਗੋਲ਼ੀ ਕਾਂਡਾਂ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਆਪਣੀ ਪੁੱਛਗਿੱਛ ਪੂਰੀ ਕਰ ਲਈ ਹੈ। ਪਹਿਲੀ ਵਾਰ ਪੁੱਛਗਿੱਛ ਕਰਨ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਦੂਜੀ ਵਾਰ ਉੱਥੇ ਪਹੁੰਚੀ ਅਤੇ ਬਾਦਲ ਨਾਲ ਗੱਲਬਾਤ ਕੀਤੀ।
ਪ੍ਰਕਾਸ਼ ਸਿੰਘ ਬਾਦਲ ਤੋਂ ਐਸਆਈਟੀ ਨੇ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਤੇ ਤਕਰੀਬਨ 40 ਮਿੰਟ ਤਕ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਐਸਆਈਟੀ ਅਧਿਕਾਰੀ ਮੀਡੀਆ ਨਾਲ ਗੱਲਬਾਤ ਕੀਤੇ ਬਗ਼ੈਰ ਉੱਥੋਂ ਚਲੇ ਗਏ।
ਹਾਲਾਂਕਿ, ਪਹਿਲਾਂ ਬਾਦਲ ਨੇ ਸੰਮਨ ਜਾਰੀ ਕਰਨ ਵਾਲੇ ਐਸਆਈਟੀ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਵਾਲ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਐਸਆਈਟੀ ਮੁਖੀ ਦੀ ਮੌਜੂਦਗੀ ਵਿੱਚ ਹੀ ਗੱਲਬਾਤ ਕਰਨਗੇ।ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਬਾਦਲ ਨਾਲ ਐਸਆਈਟੀ ਦੇ ਮੁਖੀ ਏਡੀਜੀਪੀ ਪ੍ਰਬੋਧ ਕੁਮਾਰ ਦੀ ਫ਼ੋਨ 'ਤੇ ਗੱਲਬਾਤ ਵੀ ਕਰਵਾਈ ਪਰ ਉਹ ਨਾ ਮੰਨੇ। ਐਸਆਈਟੀ ਮੁਖੀ ਪ੍ਰਬੋਧ ਕੁਮਾਰ ਕੁਝ ਹੀ ਸਮੇਂ ਵਿੱਚ ਖ਼ੁਦ ਬਾਦਲ ਦੀ ਰਿਹਾਇਸ਼ 'ਤੇ ਪਹੁੰਚ ਗਏ ਸਨ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਨੇ ਬਾਦਲਾਂ ਤੇ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕਰਨ ਵਾਲੇ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ ਤੇ ਉਨ੍ਹਾਂ ਨੂੰ ਐਸਆਈਟੀ ਤੋਂ ਹਟਾਉਣ ਦੀ ਮੰਗ ਵੀ ਕੀਤੀ ਸੀ।
ਅੱਜ ਬਾਦਲ ਨੇ ਸੰਮਨ ਜਾਰੀ ਕਰਤਾ ਅਧਿਕਾਰੀ ਨੂੰ ਇਹ ਕਹਿ ਕੇ ਵਾਪਸ ਕਰ ਦਿੱਤਾ ਸੀ ਕਿ ਉਹ ਸਿਰਫ਼ ਐਸਆਈਟੀ ਮੁਖੀ ਨਾਲ ਹੀ ਗੱਲਬਾਤ ਕਰਨਗੇ। ਹੁਣ ਐਸਆਈਟੀ ਮੁਖੀ ਦੀ ਹਾਜ਼ਰੀ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ।