ਕੈਪਟਨ ਦੀ SIT ਵੱਲੋਂ ਨਸ਼ਿਆਂ ਦਾ ਲੱਕ ਤੋੜਨ ਦਾ ਦਾਅਵਾ
ਏਬੀਪੀ ਸਾਂਝਾ | 15 Jan 2019 11:07 PM (IST)
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਨਸ਼ਿਆਂ ਦੀ ਸਪਲਾਈ ਠੱਪ ਕਰਨ ਦਾ ਦਾਅਵਾ ਕੀਤਾ ਹੈ। ਐਸਆਈਟੀ ਦੇ ਮੁਖੀ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਆਪਣੀ ਟੀਮ ਦੀ ਸਫਲਤਾ ਦਾ ਰਾਜ਼ ਡੈਪੋ ਅਫ਼ਸਰਾਂ ਦੀ ਨਿਯੁਕਤੀ ਦੱਸਿਆ। ਮੁਸਤਫ਼ਾ ਨੇ ਕਿਹਾ ਕਿ ਪੰਜਾਬ ‘ਚ ਹੁਣ ਤੱਕ ਨਸ਼ਿਆਂ ਦੇ 140 ਐਲਾਨੀਆਂ ਮੁਜ਼ਰਮ ਹਨ ਤੇ ਐਸਆਈਟੀ ਇਨ੍ਹਾਂ ਦੀ ਜਾਇਦਾਦ ਅਟੈਚ ਕਰਨ ਬਾਰੇ ਕੰਮ ਕਰ ਰਹੀ ਹੈ। ਉਨ੍ਹਾਂ ਨਸ਼ੇ ਦੀ ਬਹੁਤਾਤ ਕਾਰਨ ਜਾਨਾਂ ਗਵਾਉਣ ਵਾਲੇ ਨੌਜਵਾਨਾਂ ਦੇ ਸਵਾਲ ‘ਤੇ ਅਮਰੀਕਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਵੀ ਰੋਜ਼ਾਨਾ 200 ਮੌਤਾਂ ਡਰੱਗ ਓਵਰਡੋਜ਼ ਕਾਰਨ ਹੀ ਹੁੰਦੀਆਂ ਹਨ। ਡੀਜੀਪੀ ਮੁਸਤਫ਼ਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਉਨ੍ਹਾਂ ਛੋਟੇ ਵੱਡੇ ਤਸਕਰਾਂ ‘ਤੇ ਕਾਰਵਾਈ ਵੀ ਕਰਨ ਜਾ ਰਹੀ ਹੈ ਜੋ ਕਮਰਸ਼ੀਅਲ ਡਰੱਗਜ਼ ਮਾਮਲੇ ਦੇ ਮੁਲਜ਼ਮ ਹਨ ਜਾਂ ਜੋ ਪੈਰੋਲ ‘ਤੇ ਜੇਲ੍ਹ ‘ਚੋਂ ਬਾਹਰ ਆਕੇ ਫ਼ਰਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਛੇਤੀ ਹੀ ਨਵੀਂ ਮੁਹਿੰਮ ਸ਼ੁਰੂ ਕੀਤੀ ਜਾਏਗੀ। ਨਸ਼ੇ ਦੀ ਗ੍ਰਿਫ਼ਤ ‘ਚ ਆਏ ਲੋਕਾਂ ‘ਤੇ 62,890 ਕੈਦੀਆਂ ਦਾ ਇਲਾਜ ਕਰਵਾਇਆ ਜਾ ਰਿਹਾ।