ਨਵੀਂ ਦਿੱਲੀ: ਕਰਤਾਰਪੁਰ ਸਾਹਿਬ ਗਲਿਆਰੇ ਲਈ ਭਾਰਤ ਸਰਕਾਰ ਪੰਜਾਬ ਅਤੇ ਸੀਮਾ ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ ਨੂੰ ਤਲਬ ਕਰ ਜ਼ਮੀਨ ਐਕੁਆਇਰ ਕਰਨ ਬਾਰੇ ਚਰਚਾ ਵਿੱਚ ਮਸ਼ਰੂਫ ਹੈ, ਉੱਧਰ ਪਾਕਿਸਤਾਨ ਵਿੱਚ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਭਾਰਤ ਨੇ ਗਲਿਆਰੇ ਦੀ ਉਸਾਰੀ ਦੇ ਨਾਂਅ 'ਤੇ ਹਾਲੇ ਤਕ ਕੁਝ ਸਰਵੇਖਣ ਕਰਵਾਏ ਹਨ।


ਪਾਕਿਸਤਾਨ ਦੀ ਫੁਰਤੀ ਤੋਂ ਵੇਖ ਭਾਰਤ ਨੇ ਵੀ ਬੈਠਕਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕੇਂਦਰੀ ਗ੍ਰਹਿ ਸਕੱਤਰ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਪੰਜਾਬ ਦੇ ਡੀਜੀਪੀ (ਸੂਹੀਆ) ਦਿਨਕਰ ਗੁਪਤਾ, ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਬੀਐਸਐਫ ਦੇ ਡੀਜੀ ਆਰ.ਕੇ. ਮਿਸ਼ਰ ਮੌਜੂਦ ਰਹੇ।

ਸਬੰਧਤ ਖ਼ਬਰ- ਕਰਤਾਰਪੁਰ ਸਾਹਿਬ ਕੌਰੀਡੋਰ: ਪਾਕਿਸਤਾਨ ਵਾਲੇ ਪਾਸੇ ਜੰਗੀ ਪੱਧਰ 'ਤੇ ਕੰਮ ਜਾਰੀ, ਭਾਰਤੀ ਲੀਡਰ ਕ੍ਰੈਡਿਟ ਵਾਰ ਤੇ ਕਾਗ਼ਜ਼ੀ ਕਾਰਵਾਈ 'ਚ ਉਲਝੇ

ਹਾਲਾਂਕਿ, ਤਿੰਨਾਂ ਅਧਿਕਾਰੀਆਂ ਨੇ ਬੈਠਕ ਬਾਰੇ ਮੀਡੀਆ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਪਰ ਸੂਤਰਾਂ ਮੁਤਾਬਕ ਜ਼ਮੀਨ ਐਕੁਆਇਰ ਬਾਰੇ ਚਰਚਾ ਕੀਤੀ ਗਈ ਹੈ। ਉੱਧਰ, ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਆਸ ਜਤਾਈ ਹੈ ਕਿ ਕਰਤਾਰਪੁਰ ਲਾਂਘੇ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਵੀ ਕਿਹਾ ਕਿ ਕੁਝ ਪ੍ਰਵਾਨਗੀਆਂ ਕਰਕੇ ਕੰਮ ਰੁਕਿਆ ਹੋਇਆ ਹੈ, ਕੇਂਦਰ ਵੱਲੋਂ ਮਨਜ਼ੂਰੀ ਮਿਲਣ ਮਗਰੋਂ ਛੇਤੀ ਹੀ ਕੰਮ ਮੁਕੰਮਲ ਹੋ ਜਾਵੇਗਾ।