ਬੈਂਗਕੌਕ: 35 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ 27 ਥਾਈ ਔਰਤਾਂ ਨਾਲ ਕਾਬੂ ਕੀਤਾ ਹੈ, ਜੋ ਕਥਿਤ ਤੌਰ 'ਤੇ ਜਾਅਲੀ ਵਿਆਹ ਕਰਵਾ ਕੇ ਲੋਕਾਂ ਨੂੰ ਥਾਈਲੈਂਡ ਵਿੱਚ ਰਿਹਾਈਸ਼ੀ ਵੀਜ਼ਾ ਦਿਵਾਉਂਦੇ ਸਨ। ਥਾਈ ਅਧਿਕਾਰੀਆਂ ਨੇ ਇਸ ਦਾ ਖੁਲਾਸਾ ਕੀਤਾ ਹੈ।
ਭਾਰਤੀ ਵਿਅਕਤੀ ਦੀ ਪਛਾਣ ਵਿਕਰਮ ਲਹਿਰੀ ਵਜੋਂ ਹੋਈ ਹੈ ਜੋ ਥਾਈ ਔਰਤਾਂ ਨਾਲ ਭਾਰਤੀ ਵਿਅਕਤੀਆਂ ਦਾ ਆਰਜ਼ੀ ਵਿਆਹ ਕਰਵਾਉਂਦਾ ਸੀ ਤੇ ਉਨ੍ਹਾਂ ਨੂੰ ਰਿਹਾਇਸ਼ੀ ਵੀਜ਼ੇ ਦਿਵਾਉਣ ਵਿੱਚ ਮਦਦ ਕਰਦਾ ਸੀ। ਨੈਸ਼ਨਲ ਡੇਅਲੀ ਦੀ ਖ਼ਬਰ ਮੁਤਾਬਕ ਵਿਕਰਮ ਹਰ ਵਿਆਹ ਦੇ 8,000 ਤੋਂ 10,000 ਬਾਹਤ (ਥਾਈਲੈਂਡ ਦੀ ਮੁਦਰਾ) ਵਸੂਲਦਾ ਸੀ।
ਕਾਨੂੰਨੀ ਤੌਰ 'ਤੇ ਵਿਆਹ ਦਰਜ ਹੋਣ ਉਪਰੰਤ ਲਾੜੀਆਂ ਕਦੇ ਵੀ ਲਾੜਿਆਂ ਨਾਲ ਰਹਿੰਦੀਆਂ ਨਹੀਂ ਸਨ। ਪ੍ਰਵਾਸ ਬਿਊਰੋ ਦੇ ਮੁਖੀ ਲੈਫ਼ਟੀਨੈਂਟ ਜਨਰਲ ਸੁਰਚੇਤ ਹਕਪਾਲ ਨੇ ਦੱਸਿਆ ਕਿ 27 ਔਰਤਾਂ ਸਮੇਤ 28 ਜਣਿਆਂ ਦੀ ਗ੍ਰਿਫ਼ਤਾਰੀ ਢੂੰਗੀ ਜਾਂਚ ਮਗਰੋਂ ਕੀਤੀ ਗਈ ਹੈ।
ਹੈਰਾਨੀ ਦੀ ਗੱਲ ਹੈ ਕਿ ਵਿਆਹ ਕਰਵਾ ਕੇ ਭਾਰਤੀਆਂ ਨੂੰ ਵੀਜ਼ੇ ਦਿਵਾਉਣ ਵਾਲੀਆਂ ਔਰਤਾਂ ਵਿੱਚੋਂ ਇੱਕ 70 ਸਾਲਾ ਬੇਬੇ ਵੀ ਹੈ ਤੇ ਕਈਆਂ ਦੇ ਪਰਿਵਾਰ ਤੇ ਬੱਚੇ ਵੀ ਹਨ। ਥਾਈ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਹੇ ਹਨ।