ਬਰਨਾਲਾ: ਪਿੰਡ ਚੰਨਵਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਪਿੰਡ ਵਿੱਚ ਗੁਰਬਾਣੀ ਸੁਣਨ ਲਈ ਛੋਟੇ-ਛੋਟੇ ਸਪੀਕਰ ਲਾਏ ਗਏ ਹਨ। ਇਨ੍ਹਾਂ ਨਾਲ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਹੀਂ ਹੁੰਦੀ ਤੇ ਚੌਗਿਰਦਾ ਵੀ ਸ਼ਾਂਤ ਰਹਿੰਦਾ ਹੈ। ਇਲਾਕੇ ਵਿੱਚ ਇਸ ਕਾਰਜ ਦੀ ਪ੍ਰਸ਼ੰਸਾ ਹੋ ਰਹੀ ਹੈ।
ਦਰਅਸਲ ਪਿੰਡ ਚੰਨਵਾਲ ਦੇ ਵਿਦੇਸ਼ਾਂ ਵਿੱਚ ਵੱਸੇ ਲੋਕਾਂ ਨੇ ਪਿੰਡ ਵਿੱਚ 35 ਛੋਟੇ ਸਪੀਕਰ ਲਵਾ ਦਿੱਤੇ ਹਨ। ਇਨ੍ਹਾਂ ਸਪੀਕਰਾਂ ਰਾਹੀਂ ਪੂਰਾ ਪਿੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਲਾਈਵ ਗੁਰਬਾਣੀ ਸੁਣਦਾ ਹੈ।
ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਪਰਵਾਸੀ ਭਾਰਤੀਆਂ ਦੀ ਮਦਦ ਨਾਲ ਪਿੰਡ ਦੀ ਸਤਿਕਾਰ ਕਮੇਟੀ ਨੇ ਪੂਰੇ ਪਿੰਡ ਵਿੱਚ 35 ਸਪੀਕਰ ਲਵਾ ਦਿੱਤੇ ਹਨ। ਇਨ੍ਹਾਂ ਸਪੀਕਰਾਂ ਨਾਲ ਜ਼ਿਆਦਾ ਸ਼ੋਰ ਨਹੀਂ ਹੁੰਦਾ। ਪਿੰਡ ਦੇ ਗੁਰਦੁਆਰਿਆਂ ਦੇ ਸਪੀਕਰਾਂ ਦੀ ਆਵਾਜ਼ ਵੀ ਅੰਦਰ ਹੀ ਰਹਿੰਦੀ ਹੈ।ਇਸ ਨਾਲ ਪੜ੍ਹਾਈ ਕਰਨ ਵਾਲੇ ਬੱਚੇ ਵੀ ਪ੍ਰੇਸ਼ਾਨ ਨਹੀਂ ਹੁੰਦੇ।