ਕੋਰਟ ਦੀ ਕੰਧ ਟੱਪ ਕੇ ਅਫੀਮ ਤਸਕਰ ਫਰਾਰ
ਏਬੀਪੀ ਸਾਂਝਾ | 08 Jan 2018 05:04 PM (IST)
ਫ਼ਿਰੋਜ਼ਪੁਰ: ਅਫੀਮ ਤਸਕਰੀ ਦੇ ਕੇਸ 'ਚ ਪੇਸ਼ੀ ਭੁਗਤਣ ਸੈਸ਼ਨ ਕੋਰਟ ਆਇਆ ਹਵਾਲਾਤੀ ਫਰਾਰ ਹੋ ਗਿਆ ਹੈ। ਰਾਜਸਥਾਨ ਦੇ ਰਹਿਣ ਵਾਲੇ ਮੁਲਜ਼ਮ ਰਾਜਿੰਦਰ ਸਿੰਘ ਵਿਰੁੱਧ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਪੁਲਿਸ ਮੁਤਾਬਕ ਉਹ ਪੰਜਾਬ ਵਿੱਚ ਵੱਡੇ ਪੱਧਰ 'ਤੇ ਅਫ਼ੀਮ ਸਪਲਾਈ ਕਰਦਾ ਸੀ ਤੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਨਿਗਰਾਨੀ ਅਧੀਨ ਸੀ। ਉਸ ਦੇ ਫਰਾਰ ਹੋਣ ਦਾ ਤਰੀਕਾ ਪੂਰਾ ਫ਼ਿਲਮੀ ਤੇ ਯੋਜਨਾਬੱਧ ਜਾਪ ਰਿਹਾ ਸੀ। ਮੁਲਜ਼ਮ ਰਾਜਿੰਦਰ ਸਿੰਘ ਦੇ ਕਾਰਨਾਮੇ ਨੇ ਅੱਜ ਅਦਾਲਤੀ ਕੰਪਲੈਕਸ ਵਿੱਚ ਤਰਥੱਲੀ ਮਚਾ ਦਿੱਤੀ। ਜਦੋਂ ਪੁਲਿਸ ਮੁਲਾਜ਼ਮ ਪੇਸ਼ੀ ਲਈ ਲਿਆ ਰਹੇ ਸਨ ਤਾਂ ਉਹ ਪੁਲਿਸ ਟੀਮ ਨੂੰ ਚਕਮਾ ਦੇ ਕੇ ਕੋਰਟ ਦੀ ਕੰਧ ਟੱਪ ਗਿਆ ਤੇ ਬਾਹਰ ਖੜ੍ਹੀ ਡਸਟਰ ਕਾਰ ਵਿੱਚ ਬੈਠ ਕੇ ਫਰਾਰ ਹੋ ਗਿਆ। ਸੂਤਰ ਦੱਸਦੇ ਹਨ ਕਿ ਇੱਥੇ ਜੇਲ੍ਹਾਂ ਵਿੱਚ ਮੋਬਾਈਲ ਆਮ ਚੱਲਦੇ ਹਨ ਤੇ ਮੁਲਜ਼ਮ ਰਾਜਿੰਦਰ ਨੇ ਉੱਥੋਂ ਹੀ ਆਪਣੇ ਸਾਥੀਆਂ ਨਾਲ ਯੋਜਣਾ ਬਣਾਈ ਹੋਵੇਗੀ। ਫ਼ਿਰੋਜ਼ਪੁਰ ਦੇ ਪੁਲਿਸ ਕਪਤਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਫਰਾਰ ਹਵਾਲਾਤੀ 2008 ਵਿੱਚ 4 ਕਿੱਲੋ ਅਫ਼ੀਮ ਸਮੇਤ ਪੁਲਿਸ ਦੇ ਹੱਥ ਲੱਗਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮ ਤਸਕਰ ਵਿਰੁੱਧ ਹਿਰਾਸਤ ਵਿੱਚੋਂ ਭੱਜਣ ਦਾ ਮੁਕੱਦਮਾ ਦਰਜ ਕਰਨ ਦੇ ਨਾਲ-ਨਾਲ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਵੀ ਕਾਰਵਾਈ ਆਰੰਭੀ ਜਾਵੇਗੀ। ਐੱਸ.ਪੀ. (ਐੱਚ) ਨੇ ਦੱਸਿਆ ਕਿ ਰਾਜਿੰਦਰ ਸਿੰਘ ਦੀ ਭਾਲ ਲਈ ਪੁਲਿਸ ਦੀ ਟੀਮ ਰਵਾਨਾ ਹੋ ਗਈ ਹੈ।