ਚੰਡੀਗੜ੍ਹ: ਪੰਜਾਬ ਦੀ ਸਭ ਤੋਂ ਅੱਤ ਸੁਰੱਖਿਆ ਜੇਲ੍ਹ ਵਿੱਚ ਬਦਮਾਸ਼ ਫਾਇਰਿੰਗ ਕਰਕੇ ਚਾਰ ਖ਼ਤਰਨਾਕ ਗੈਂਗਸਟਰ ਤੇ ਦੋ ਖਾਲਿਸਤਾਨੀਆਂ ਨੂੰ ਛੁਡਾ ਕੇ ਆਪਣੇ ਨਾਲ ਲੈ ਗਏ। ਇਸ ਘਟਨਾ ਤੋਂ ਬਾਅਦ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਤੋਂ ਲੈ ਕੇ ਹਰ ਕੋਈ ਅਲਰਟ ਹੈ ਪਰ ਖ਼ਾਸ ਗੱਲ ਇਹ ਹੈ ਕਿ ਪੰਜਾਬ ਦੇ ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਕਿੱਥੇ ਹਨ। ਇਨ੍ਹਾਂ ਉੱਤੇ ਹੀ ਪੰਜਾਬ ਦੀਆਂ ਜੇਲ੍ਹਾਂ ਦੀ ਪੂਰੀ ਜ਼ਿੰਮੇਵਾਰੀ ਹੈ।


ਸੋਹਣ ਸਿੰਘ ਠੰਡਲ ਐਤਵਾਰ ਨੂੰ ਨਾ ਤਾਂ ਚੰਡੀਗੜ੍ਹ ਆਏ ਤੇ ਨਾ ਹੀ ਉਨ੍ਹਾਂ ਨਾਭਾ ਜੇਲ੍ਹ ਦਾ ਦੌਰਾ ਕੀਤਾ। ਇੱਥੋਂ ਤੱਕ ਕਿ ਉਨ੍ਹਾਂ ਕੋਈ ਬਿਆਨ ਵੀ ਜਾਰੀ ਨਹੀਂ ਕੀਤਾ। ਜੇਲ੍ਹ ਬਰੇਕ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਾਭਾ ਜੇਲ੍ਹ ਦਾ ਦੌਰਾ ਕੀਤਾ ਤੇ ਘਟਨਾ ਦਾ ਜਾਇਜ਼ਾ ਲਿਆ। ਇਸ ਸਮੇਂ ਵੀ ਉਨ੍ਹਾਂ ਨਾਲ ਜੇਲ੍ਹ ਮੰਤਰੀ ਨਹੀਂ ਸਨ।

ਮੀਡੀਆ ਦੇ ਹਵਾਲੇ ਨਾਲ ਜੋ ਖ਼ਬਰਾਂ ਆਈਆਂ, ਉਸ ਅਨੁਸਾਰ ਉਨ੍ਹਾਂ ਆਖਿਆ ਕਿ ਡਿਪਟੀ ਸੀ.ਐਮ. ਪੂਰੇ ਮਾਮਲੇ ਦੀ ਖ਼ੁਦ ਕਮਾਨ ਸੰਭਾਲ ਰਹੇ ਹਨ। ਇਸ ਲਈ ਮੈਂ ਨਹੀਂ ਗਿਆ। ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ਮੰਤਰੀ ਪੂਰੇ ਮਾਮਲੇ ਤੋਂ ਬੇਖ਼ਬਰ ਆਪਣੇ ਹਲਕੇ ਚੱਬੇਵਾਲ 'ਚ ਵਿੱਚ ਹੀ ਰਹੇ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਨੇ ਖ਼ੁਦ ਕੀਤੀ।