ਬਠਿੰਡਾ: ਸ਼੍ਰੀਨਗਰ ਦੇ ਕੁਪਵਾੜਾ ਵਿੱਚ ਸ਼ਹੀਦ ਹੋਏ ਜਵਾਨ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਹਾਕਮ ਸਿੰਘ ਵਾਲਾ ਵਿੱਚ ਕੌਮੀ ਸਨਮਾਨ ਨਾਲ ਅੰਤਿਮ ਵਿਦਾਈ ਦੇ ਦਿੱਤੀ ਗਈ ਹੈ। ਪਿੰਡ ਦੇ ਜਵਾਨ ਪੁੱਤ ਦੇ ਤੁਰ ਜਾਣ ਕਾਰਨ ਉੱਥੋਂ ਦੇ ਸਾਬਕਾ ਫ਼ੌਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵਿਰੁੱਧ ਆਪਣੀ ਭੜਾਸ ਕੱਢ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਉਨ੍ਹਾਂ ਦੇ ਪੁੱਤਰ ਰੋਜ਼ਾਨਾ ਸ਼ਹੀਦ ਹੋ ਰਹੇ ਹਨ।
ਸਤਾਈ ਸਾਲਾ ਸੁਖਵਿੰਦਰ ਸਿੰਘ 12 ਦਸੰਬਰ 2012 ਨੂੰ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਪੰਜ ਵਿੱਚ ਭਰਤੀ ਹੋਇਆ ਸੀ। ਸੁਖਵਿੰਦਰ ਸਿੰਘ ਹਾਲੇ 18 ਮਈ ਨੂੰ ਉਹ ਇੱਕ ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਡਿਊਟੀ 'ਤੇ ਪਰਤਿਆ ਸੀ। ਸੁਖਵਿੰਦਰ ਬੀਤੇ ਦਿਨੀਂ ਪਾਕਿਸਤਾਨ ਵੱਲੋਂ ਹੋਈ ਗੋਲ਼ੀਬਾਰੀ ਵਿੱਚ ਸ਼ਹੀਦ ਹੋ ਗਿਆ ਸੀ।
ਸ਼ਹੀਦ ਸੁਖਵਿੰਦਰ ਸਿੰਘ ਦੇ ਮਾਤਾ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਸ਼ਹੀਦ ਹੋਇਆ ਹੈ ਅਤੇ ਸਾਨੂੰ ਉਸ 'ਤੇ ਮਾਣ ਹੈ। ਉੱਧਰ ਸ਼ਹੀਦ ਨੂੰ ਅੰਤਿਮ ਵਿਦਾਈ ਵੇਲੇ ਭਾਵੁਕ ਹੋਏ ਪਿੰਡ ਦੇ ਹੀ ਸਾਬਕਾ ਫ਼ੌਜੀ ਮੰਗਾ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮੰਗਾ ਸਿੰਘ ਨੇ ਕਿਹਾ ਕਿ ਉਹ ਅਤੇ ਉਸ ਦਾ ਪਰਿਵਾਰ ਫ਼ੌਜ ਵਿੱਚ ਹੈ ਤੇ ਉਹ ਪੂਰੀ ਤਰ੍ਹਾਂ ਦੇਸ਼ ਨੂੰ ਸਮਰਪਿਤ ਹਨ ਪਰ ਪਿਛਲੇ ਸਮੇਂ ਤੋਂ ਲਗਾਤਾਰ ਦੇਸ਼ ਦੇ ਜਵਾਨਾਂ ਨੂੰ ਸ਼ਹੀਦ ਹੋ ਰਹੇ ਹਨ ਇਸ ਲਈ ਪਾਕਿਸਤਾਨ ਨਾਲ ਸਿੱਧੀ ਲੜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਰਖਵਾਲੇ ਹਾਂ ਤੇ ਦੇਸ਼ ਦੇ ਰਾਖਿਆਂ ਉੱਪਰ ਸਿਆਸਤਦਾਨਾਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ।