ਸੰਗਰੂਰ: ਅੱਜ ਲਹਿਰਾਗਾਗਾ ਵਿੱਚ ਦਿਨ-ਦਿਹਾੜੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨੇ ਨੌਜਵਾਨ ਪੁੱਤਰ 'ਤੇ ਕੁਝ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਤੇ ਗੋਲ਼ੀਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।

ਅੱਜ ਸਵੇਰੇ ਅਕਾਲੀ ਆਗੂ ਚਰਨਜੀਤ ਕੌਰ ਦਾ ਨੌਜਵਾਨ ਪੁੱਤਰ ਗੁਰਦੀਪ ਸਿੰਘ ਆਪਣੇ ਘਰ ਦੇ ਹੀ ਨਜ਼ਦੀਕ ਬਾਜ਼ਾਰ ਵਿੱਚ ਖੜ੍ਹਾ ਸੀ। ਉੱਥੇ ਕੁਝ ਅਣਪਛਾਤੇ ਲੋਕ ਬੋਲੇਰੋ ਗੱਡੀ ਵਿੱਚ ਸਵਾਰ ਹੋ ਕੇ ਆਏ ਤੇ ਗੁਰਦੀਪ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਬਾਅਦ ਵਿੱਚ ਉਸ 'ਤੇ ਗੋਲ਼ੀ ਵੀ ਚਲਾਈ ਗਈ। ਗੁਰਦੀਪ ਆਪਣੀ ਜਾਨ ਬਚਾਉਣ ਲਈ ਦੁਕਾਨ ਵਿੱਚ ਵੜ ਗਿਆ ਤੇ ਗੋਲ਼ੀ ਉਸ ਦੀ ਲੱਤ ਵਿੱਚ ਵੱਜੀ। ਗੰਭੀਰ ਜ਼ਖ਼ਮੀ ਹੋਣ ਕਾਰਨ ਗੁਰਦੀਪ ਨੂੰ ਸੰਗਰੂਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਅਕਾਲੀ ਆਗੂ ਚਰਨਜੀਤ ਕੌਰ ਤੇ ਉਸ ਦੇ ਸਹੁਰੇ ਯਾਨੀ ਨੌਜਵਾਨ ਦੇ ਦਾਦੇ ਨੇ ਦੱਸਿਆ ਕਿ ਬੀਤੇ ਕੱਲ੍ਹ ਇੱਕ ਵਿਆਹ ਸਮਾਗਮ ਵਿੱਚ ਗੁਰਦੀਪ ਦਾ ਝਗੜਾ ਕੁਝ ਲੋਕਾਂ ਨਾਲ ਹੋ ਗਿਆ ਸੀ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਹਮਲਾਵਰ ਉਹੀ ਲੋਕ ਹੋ ਸਕਦੇ ਹਨ। ਉਧਰ ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰ ਗੁਰਦੀਪ 'ਤੇ ਗੋਲ਼ੀਆਂ ਚਲਾ ਰਹੇ ਸਨ ਤਾਂ ਉਸ ਨੇ ਆਪਣੀ ਦੁਕਾਨ ਅੰਦਰ ਵੜ ਕੇ ਜਾਨ ਬਚਾਈ।