ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ਪੱਤਰ ਦੇ ਕੇ ਹੋਈ ਗਲਤੀ ਲਈ ਖਿਮਾ ਯਾਚਨਾ ਕਰ ਲਈ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਇੱਕ ਸੱਦੇ ’ਤੇ ਉਹ ਗਊਸ਼ਾਲਾ ਗਏ ਸਨ ਜਿੱਥੇ ਗਊ ਪੂਜਾ ਚੱਲ ਰਹੀ ਸੀ ਤੇ ਪੁਜਾਰੀ ਨੇ ਉਸ ਮੌਕੇ ਗਊ ਦੀ ਪੂਛ ਉਨ੍ਹਾਂ ਦੀ ਦਸਤਾਰ ਨਾਲ ਛੁਹਾਈ ਸੀ।

ਉਨ੍ਹਾਂ ਕਿਹਾ ਕਿ ਅਣਜਾਣੇ ਵਿੱਚ ਹੋਈ ਇਸ ਗਲਤੀ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਉਹ ਇਸ ਲਈ ਖਿਮਾ ਯਾਚਨਾ ਕਰਦੇ ਹਨ। ਉਨ੍ਹਾਂ ਖਿਮਾ ਯਾਚਨਾ ਲਈ ਅਕਾਲ ਤਖ਼ਤ ’ਤੇ ਵੀ ਅਰਦਾਸ ਕੀਤੀ ਹੈ। ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।


ਦੱਸ ਦਈਏ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸਿੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖੁਦ ਪਹੁੰਚ ਕੇ ਮਾਫ਼ੀਨਾਮਾ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਬੰਦ ਹੋਣ ਦੀ ਸੂਰਤ ਵਿੱਚ ਡਿਊਟੀ ’ਤੇ ਮੌਜੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਬਲਦੇਵ ਸਿੰਘ ਖੈਰਾਬਾਦ ਨੇ ਜਥੇਦਾਰ ਦੇ ਨਾਂ ਦਾ ਇਹ ਮਾਫ਼ੀਨਾਮਾ ਦੇਣ ਤੋਂ ਬਾਅਦ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਤੇ ਖਿਮਾ ਯਾਚਨਾ ਦੀ ਅਰਦਾਸ ਕੀਤੀ। 



ਸੰਧਵਾਂ ਨੇ ਕਿਹਾ ਕਿ ਉਹ ਇਕ ਗਊਸ਼ਾਲਾ ਦੇ ਸਮਾਗਮ ਵਿਚ ਗਏ ਸਨ ਉਥੋਂ ਦੀ ਰੀਤ ਮੁਤਾਬਕ ਉਨ੍ਹਾਂ ਦੀ ਦਸਤਾਰ ਦੇ ਨਾਲ ਗਊ ਦੀ ਪੂਛ ਨੂੰ ਛੁਹਾਇਆ। ਉਹ ਅਣਜਾਣੇ ’ਚ ਹੋਈ ਗ਼ਲਤੀ ਦੀ ਮਾਫ਼ੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਮਾਣੇ ਸਿੱਖ ਵਜੋਂ ਪੁੱਜੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਦਿੱਤੇ ਮਾਫ਼ੀਨਾਮੇ ਵਿਚ ਵੀ ਉਨ੍ਹਾਂ ਨੇ ਲਿਖਿਆ ਹੈ ਕਿ ਦਾਸ ਆਪਣੇ ਧਾਰਮਿਕ ਅਕੀਦੇ ਨੂੰ ਸਮਰਪਿਤ ਹੋਣ ਦੇ ਨਾਲ-ਨਾਲ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਤੇ ਇਸੇ ਤਹਿਤ ਹੀ ਸੱਦਾ ਮਿਲਣ ਉਪਰੰਤ ਗਊਸ਼ਾਲਾ ਫੇਰੀ ਦੌਰਾਨ ਗਏ ਸੀ। ਹਾਲਾਤ ਅਜਿਹੇ ਬਣ ਗਏ ਕਿ ਮੌਜੂਦ ਧਾਰਮਿਕ ਪੁਜਾਰੀ ਵੱਲੋਂ ਮੇਰੀ ਦਸਤਾਰ ਉਪਰ ਗਊ ਦੀ ਪੂਛ ਛੁਹਾਈ ਗਈ।


ਉਨ੍ਹਾਂ ਕਿਹਾ ਕਿ ਮੈਨੂੰ ਗਿਆਤ ਹੋਇਆ ਕਿ ਇਹ ਅਹੁਦਾ ਅਕਾਲ ਪੁਰਖ ਵਾਹਿਗੁਰੂ ਦੀ ਇਸ ਨਿਮਾਣੇ ਉਪਰ ਬਖਸ਼ਿਸ਼ ਹੈ ਤੇ ਮੇਰੇ ਵੱਲੋਂ ਹੋਈ ਇਸ ਗ਼ਲਤੀ ਨਾਲ ਸਿੱਖ ਪੰਥ ਦੇ ਹਿਰਦਿਆਂ ਦਾ ਵਲੂੰਧਰਿਆ ਜਾਣਾ ਸੁਭਾਵਕ ਹੀ ਹੈ ਜਿਸ ਲਈ ਦਾਸ ਪੰਥ ਪਾਸੋਂ ਖਿਮਾਂ ਦਾ ਜਾਚਕ ਹੈ। ਅਕਾਲ ਪੁਰਖ਼ ਵਾਹਿਗੁਰੂ ਜੀ ਦੇ ਚਰਨਾਂ ’ਚ ਅਰਦਾਸ ਬੇਨਤੀ ਕਰਦਾ ਹਾਂ ਕਿ ਗੁਰੂ ਦਾ ਸਿੱਖ ਹਮੇਸ਼ਾ ਸਿੱਖਦਾ ਰਹਿੰਦਾ ਹੈ ਤੇ ਦਾਸ ਨੂੰ ਅਜਿਹੀ ਬਲ-ਬੁੱਧੀ ਬਖਸ਼ੋ ਕਿ ਗੁਰੂ ਦੇ ਭਾਣੇ ਵਿਚ ਰਹਿ ਕੇ ਸਮਾਜ ਦੇ ਹਰ ਵਰਗ ਨੂੰ ਸਤਿਕਾਰ ਦੇ ਸਕਾਂ। ਕੁਲਤਾਰ ਸਿੰਘ ਸਿੰਧਵਾਂ ਨੇ ਕਿਹਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਨ੍ਹਾਂ ਨੂੰ ਬੁਲਾਉਣਗੇ ਤਾਂ ਨਿਮਾਣੇ ਸਿੱਖ ਵਜੋਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਆਉਣਗੇ।


 


ਇਹ ਵੀ ਪੜ੍ਹੋ :ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਉਣਗੇ ਚੰਡੀਗੜ੍ਹ, 500 ਕਰੋੜ ਦੇ ਪ੍ਰਾਜੈਕਟ ਦਾ ਕਰਨਗੇ ਉਦਘਾਟਨ