ਗੁਰਦਾਸਪੁਰ: ਪੰਜਾਬ ਦੇ ਮਾਝੇ 'ਚ ਜ਼ਹਿਰੀਲੀ ਸ਼ਰਾਬ ਨਾਲ ਵੱਡੀ ਗਿਣਤੀ 'ਚ ਹੋਈਆਂ ਮੌਤਾਂ ਮਗਰੋਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਅਰੁਣਾ ਚੌਧਰੀ ਬਟਾਲਾ ਪਹੁੰਚੇ।
ਕੈਪਟਨ ਅਮਰਿੰਦਰ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਇਨ੍ਹਾਂ ਦੁਖੀ ਪਰਿਵਾਰਾਂ ਦੀ ਸਾਰ ਲੈਣ ਭੇਜਿਆ। ਕੈਪਟਨ ਨੇ ਇਨ੍ਹਾਂ ਮੰਤਰੀਆਂ ਨੂੰ ਪੀੜਤ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣ, ਇੱਕ ਰਿਪੋਰਟ ਵੀ ਪੇਸ਼ ਕਰਨ ਨੂੰ ਕਿਹਾ ਹੈ। ਇਸ ਦੇ ਚੱਲਦੇ ਅੱਜ ਕੈਬਨਿਟ ਮੰਤਰੀਆਂ ਵੱਲੋਂ ਮ੍ਰਿਤਕਾਂ ਦੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਇਹ ਤਿਆਰ ਕੀਤੀ ਗਈ ਰਿਪੋਰਟ ਅੱਜ ਸ਼ਾਮ ਹੋਣ ਵਾਲੀ ਕੈਬਨਿਟ ਮੀਟਿੰਗ 'ਚ ਰੱਖੀ ਜਾਵੇਗੀ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਮਾਲੀ ਮਦਦ ਦੇਣ ਦਾ ਭਰੋਸਾ ਦਵਾਇਆ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ 'ਚ ਜਾਂਚ ਚੱਲ ਰਹੀ ਹੈ ਤੇ ਜੋ ਵੀ ਕੋਈ ਦੋਸ਼ੀ ਪਾਇਆ ਜਾਵੇਗਾ। ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਧਰ, ਅਰੁਣਾ ਚੌਧਰੀ ਨੇ ਕਿਹਾ ਕਿ ਇਲਾਕੇ 'ਚ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਵੱਧ ਮੌਤਾਂ ਹੋਈਆਂ ਹਨ ਪਰ ਅਜੇ ਤੱਕ ਇਸ ਦੁੱਖ ਦੀ ਘੜੀ 'ਚ ਭਾਜਪਾ ਸਾਂਸਦ ਤੇ ਅਭਿਨੇਤਾ ਸਨੀ ਦਿਓਲ ਹਾਲੇ ਤੱਕ ਨਜ਼ਰ ਨਹੀਂ ਆਏ। ਹਲਕੇ 'ਚ ਲੋਕਾਂ ਨੇ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਵੀ ਲਾ ਦਿੱਤੇ ਸਨ।