ਤਰਨ ਤਾਰਨ: ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਜ਼ਿਲ੍ਹੇ ਦੇ ਐਸਐਸਪੀ ਧਰੁਮਨ ਨਿੰਬਾਲੇ ਨੇ ਦੱਸਿਆ ਕਿ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਲੋਕਾਂ ਵਿੱਚੋਂ 41 ਲੋਕਾਂ ਦਾ ਤਾਂ ਪੋਸਟਮਾਰਟਮ ਹੀ ਨਹੀਂ ਹੋਇਆ ਤੇ ਨਾ ਹੀ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਬਹੁਤੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੇ ਬਿਨ੍ਹਾਂ ਹੀ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ।
ਐਸਐਸਪੀ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ ਹੁਣ ਤੱਕ 80 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹਾਲਾਂਕਿ ਅਜੇ ਹੋਰ ਮੌਤਾਂ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ। ਸਭ ਤੋਂ ਵੱਧ ਮੌਤਾਂ ਤਰਨ ਤਾਰਨ ਸ਼ਹਿਰ 'ਚ ਹੋਈਆਂ ਹਨ। ਇੱਥੇ 17 ਲੋਕਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਕਾਰਨ ਹੋਈ ਹੈ। ਇਸ ਤੋਂ ਇਲਾਵਾ 63 ਹੋਰ ਮੌਤਾਂ ਜ਼ਿਲ੍ਹੇ ਦੇ 14 ਵੱਖ-ਵੱਖ ਪਿੰਡਾਂ 'ਚ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ। ਜ਼ਿਲ੍ਹੇ ਅੰਦਰ ਹੁਣ ਤੱਕ ਇਸ ਮਾਮਲੇ 'ਚ 4 ਪਰਚੇ ਦਰਜ ਕੀਤੇ ਗਏ ਹਨ। ਪੁਲਿਸ ਨੇ ਵੱਖ ਵੱਖ ਥਾਂ ਛਾਪੇਮਾਰੀ ਕਰ ਹੁਣ ਤੱਕ 21,000 ਲੀਟਰ ਲਾਹਣ 'ਤੇ 24,000 ਲੀਟਰ ਨਾਜਾਇਜ ਸ਼ਰਾਬ ਵੀ ਬਰਾਮਦ ਕੀਤੀ। ਪੁਲਿਸ ਨੇ ਇਸ ਮਾਮਲੇ 'ਚ ਸ਼ਰਾਬ ਦੇ ਵੱਡੇ ਸਪਲਾਇਰ ਫੜੇ ਹਨ ਤੇ ਇੱਕ ਸ਼ੈਲੀ ਨਾਂ ਦਾ ਤਸਕਰ ਫਰਾਰ ਹੈ।