ਖਟਕੜ ਕਲਾਂ: ਸ਼ਹੀਦੇ ਆਜ਼ਮ ਭਗਤ ਸਿੰਘ ਦੇ 111ਵੇਂ ਜਨਮ ਦਿਹਾੜੇ ਮੌਕੇ ਖਟਕੜ ਕਲਾਂ 'ਚ ਅੱਜ ਖੂਬ ਰੌਣਕਾਂ ਲੱਗੀਆਂ। ਪੰਜਾਬ ਸਰਕਾਰ ਵੱਲੋਂ ਵੀ ਖਟਕੜ ਕਲਾਂ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਫੁੱਲ ਮਾਲਾ ਅਰਪਿਤ ਕਰਨ ਤੋਂ ਪਹਿਲਾਂ ਸ਼ਹੀਦ ਦੇ ਪਿਤਾ ਕਿਸ਼ਨ ਸਿੰਘ ਦੇ ਸਮਾਰਕ ’ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਸਵੇਰ ਤੋਂ ਲੋਕ ਖਟਕੜ ਕਲਾ ਵਿੱਚ ਭਗਤ ਸਿੰਘ ਦੇ ਸਮਾਰਕ 'ਤੇ ਪਹੁੰਚੇ ਰਹੇ ਹਨ। ਨੌਜਵਾਨਾਂ ਵੱਲੋਂ ਭੰਗੜਾ ਪਾ ਕੇ ਭਗਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਮਨਾਈ ਗਈ। ਕੈਬਨਿਟ ਮੰਤਰੀ ਧਰਮਸੋਤ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦਗਾਰ ਤੇ ਅਜਾਇਬਘਰ ਵਿਖੇ ਸਥਿਤ ਵੱਖ-ਵੱਖ ਗੈਲਰੀਆਂ ’ਚ ਦੇਸ਼ ਭਗਤਾਂ ਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਸਬੰਧਤ ਯਾਦਾਂ ਨੂੰ ਦੇਖਣ ਤੋਂ ਬਾਅਦ ਆਡੀਟੋਰੀਅਮ ’ਚ ਸਰਕਾਰੀ ਐਲੀਮੈਂਟਰੀ ਸਕੂਲ, ਚਾਹਲ ਕਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਜੀਵਨੀ ’ਤੇ ਪੇਸ਼ ਭਾਵਪੂਰਤ ਨਾਟਕ ਦੇਖਿਆ।

ਇਸ ਮੌਕੇ ਉਨ੍ਹਾਂ ਭਗਤ ਸਿੰਘ ਦੇ ਸਵ. ਭੈਣ ਬੀਬੀ ਅਮਰ ਕੌਰ ਦੇ ਦੋਹਤੇ ਹਰਜੀਵਨ ਪਾਲ ਸਿੰਘ ਗਿੱਲ ਨੂੰ ਦੋਸ਼ਾਲੇ ਨਾਲ ਸਨਮਾਨਿਤ ਕੀਤਾ। ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੱਤੀ ਤੇ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਵੱਲੋਂ ਭਰ ਜਵਾਨੀ ਵਿੱਚ ਦੇਸ਼ ਲਈ ਦਿੱਤੀ ਕੁਰਬਾਨੀ ਲਾ-ਮਿਸਾਲ ਹੈ। ਉਨ੍ਹਾਂ ਤੇ ਹੋਰਨਾਂ ਆਜ਼ਾਦੀ ਪ੍ਰਵਾਨਿਆਂ ਵੱਲੋਂ ਆਪਣੀਆਂ ਕੀਮਤੀ ਜਾਨਾਂ ਦੇ ਕੇ ਲਈ ਆਜ਼ਾਦੀ ਨੂੰ ਸੰਭਾਲ ਕੇ ਰੱਖਣਾ ਤੇ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਅਮਲੀ ਰੂਪ ਦੇਣਾ ਸਾਡਾ ਫ਼ਰਜ਼ ਬਣਦਾ ਹੈ।