ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ 'ਚ ਵੱਡੀ ਕੁਰਸੀ ਖੋਹਣ ਤੇ ਬਚਾਉਣ ਲਈ ਚੱਲ ਰਹੀ ਖ਼ਾਨਾ-ਜੰਗੀ ਪੰਜਾਬ ਦੇ ਆਮ ਲੋਕਾਂ ਨੂੰ ਮਹਿੰਗੀ ਪੈ ਰਹੀ ਹੈ। ਉਨ੍ਹਾਂ ਨਵੇਂ ਬਣਾਏ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਦੇਰੀ ਬਿਜਲੀ ਮੰਤਰਾਲੇ ਦਾ ਅਹੁਦਾ ਸੰਭਾਲਣ ਤੇ ਪੰਜਾਬ ਸਮੇਤ ਲੋਕਾਂ ਦੇ ਹਿੱਤਾਂ ਲਈ ਵੱਡੇ ਫ਼ੈਸਲੇ ਲੈਣ।

ਇੱਕ ਬਿਆਨ ਰਾਹੀਂ ਚੀਮਾ ਨੇ ਪੰਜਾਬ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਸਿਖਰ ਦੀ ਗਰਮੀ ਤੇ ਝੋਨੇ ਦੇ ਸੀਜ਼ਨ ਕਾਰਨ ਇੱਕ ਤਾਂ ਸੂਬੇ ਅੰਦਰ ਬਿਨਾ ਰੋਕ ਬਿਜਲੀ ਸਪਲਾਈ ਦੀ ਬੇਹੱਦ ਜ਼ਰੂਰਤ ਹੈ, ਤੇ ਦੂਜੇ ਪਾਸੇ ਬਿਜਲੀ ਮਹਿਕਮਾ ਮੰਤਰੀ ਬਗੈਰ ਹੀ ਡੰਗ ਸਾਰ ਰਿਹਾ ਹੈ। ਨਤੀਜਨ ਘਰੇਲੂ ਤੇ ਕਿਸਾਨਾਂ ਸਮੇਤ ਸਾਰੇ ਵਰਗਾਂ ਦੇ ਖਪਤਕਾਰ ਐਲਾਨੇ ਤੇ ਅਣਐਲਾਨੇ ਬਿਜਲੀ ਕੱਟਾਂ ਦੀ ਮਾਰ ਝੱਲ ਰਹੇ ਹਨ।

ਹਰਪਾਲ ਸਿੰਘ ਚੀਮਾ ਮੁਤਾਬਕ, 'ਨਵਜੋਤ ਸਿੰਘ ਸਿੱਧੂ ਨੂੰ ਜਾਣੇ-ਅਨਜਾਣੇ ਅਜਿਹਾ ਮੌਕਾ ਮਿਲਿਆ ਹੈ, ਜਿਸ ਰਾਹੀਂ ਉਹ ਪੰਜਾਬ ਦੇ ਖ਼ਜ਼ਾਨੇ ਤੇ ਲੋਕਾਂ ਦੀ ਲੁੱਟ ਰੋਕ ਸਕਦੇ ਹਨ। ਬਤੌਰ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੀ ਬਾਦਲ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟ ਬਲੀ ਚੜ੍ਹਾ ਕੇ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਗਏ ਬੇਹੱਦ ਮਹਿੰਗੇ ਤੇ ਨਜਾਇਜ਼ ਬਿਜਲੀ ਖ਼ਰੀਦ ਸਮਝੌਤੇ (ਪੀਪੀਏ) ਰੱਦ ਕਰਵਾ ਸਕਦੇ ਹਨ।