ਨਵਾਂਸ਼ਹਿਰ: ਬੰਗਾ ਦੇ ਸਨਪ੍ਰੀਤ ਤੇ ਉਸ ਦੇ ਪਿਤਾ ਨੂੰ ਨਵਾਂਸ਼ਹਿਰ ਅਦਾਲਤ ਨੇ ਛੇ ਮਹੀਨਿਆਂ ਦੀ ਕੈਦ ਤੇ ਇੱਕ-ਇੱਕ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਦਰਅਸਲ ਇਹ ਸਜ਼ਾ ਇਨ੍ਹਾਂ ਨੂੰ ਇਨ੍ਹਾਂ ਵੱਲੋਂ ਰੱਖੇ ਪਿੱਟਬੁੱਲ ਕੁੱਤੇ ਦੀ ਵਜ੍ਹਾ ਕਰਕੇ ਸੁਣਾਈ ਗਈ ਹੈ। ਦਰਅਸਲ ਇਨ੍ਹਾਂ ਵੱਲੋਂ ਘਰ ਵਿੱਚ ਰੱਖੇ ਬੇਹੱਦ ਖ਼ਤਰਨਾਕ ਪਿੱਟਬੁੱਲ ਨੇ ਮੰਦਰ ਤੋਂ ਵਾਪਸ ਘਰ ਨੂੰ ਆ ਰਹੀ 12 ਸਾਲ ਦੀ ਬੱਚੀ ਤੰਜਾਨਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਦੱਸ ਦੇਈਏ ਰਿਹਾਇਸ਼ੀ ਇਲਾਕਿਆਂ 'ਚ ਪਿੱਟਬੁੱਲ ਵਰਗੇ ਖ਼ਤਰਨਾਕ ਕੁੱਤੇ ਰੱਖਣ 'ਤੇ ਪਾਬੰਧੀ ਹੈ।

ਕੁੱਤੇ ਦੇ ਮਾਲਕ ਸਨਪ੍ਰੀਤ ਨੇ ਉਸ ਨੂੰ ਘਰ ਵਿੱਚ ਖੁੱਲ੍ਹ ਛੱਡਿਆ ਹੋਇਆ ਸੀ। ਜਦੋਂ ਉਹ ਘਰ ਵਿੱਚ ਦਾਖ਼ਲ ਹੋਣ ਲੱਗਾ ਤਾਂ ਅਚਾਨਕ ਕੁੱਤਾ ਬਾਹਰ ਆ ਗਿਆ ਤੇ ਉਸ ਨੇ ਲੜਕੀ 'ਤੇ ਹਮਲਾ ਕਰ ਦਿੱਤਾ। ਇਸ ਮਗਰੋਂ ਕੁੱਤੇ ਦੇ ਮਾਲਕਾਂ ਨੇ ਕੁੱਤੇ ਨੂੰ ਗ਼ਾਇਬ ਕਰ ਦਿੱਤਾ ਸੀ। ਕੁੱਤੇ ਨੇ ਬੱਚੀ ਨੂੰ ਨੱਕ ਤੇ ਬੁੱਲ੍ਹਾਂ ਤੋਂ ਕੱਟਿਆ ਸੀ ਜਿਸ ਪਿੱਛੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਲੜਕੀ ਪੂਰੇ 12 ਦਿਨ ਹਸਪਤਾਲ ਵਿੱਚ ਦਾਖ਼ਲ ਰਹੀ। ਇਸ ਮਗਰੋਂ 3-4 ਵਾਰ ਉਸ ਦੀ ਸਰਜਰੀ ਹੋਈ।

ਮਾਮਲੇ ਦੇ ਤੁਰੰਤ ਬਾਅਦ ਲੜਕੀ ਦੇ ਪਿਤਾ ਰਮੇਸ਼ ਕੁਮਾਰ ਨੇ ਕੁੱਤੇ ਦੇ ਮਾਲਕ ਸਨਪ੍ਰੀਤ ਤੇ ਉਸ ਦੇ ਪਿਤਾ ਦੌਲਤ ਸਿੰਘ 'ਤੇ ਮਾਮਲਾ ਦਰਜ ਕਰਵਾਇਆ। ਮਾਮਲਾ ਬਹੁਤ ਚਰਚਾ ਵਿੱਚ ਆਇਆ ਸੀ। ਹੁਣ ਨਵਾਂਸ਼ਹਿਰ ਅਦਾਲਤ ਨੇ ਕੁੱਤੇ ਦੇ ਮਾਲਕ ਪਿਉ-ਪੁੱਤ ਨੂੰ ਦੋਸ਼ੀ ਕਰਾਰ ਦਿੰਦਿਆਂ ਦੋਵਾਂ ਨੂੰ ਛੇ ਮਹੀਨੇ ਕੈਦ ਤੇ ਇੱਕ-ਇੱਕ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।

ਪੀੜਤ ਲੜਕੀ ਤੰਜਾਨਾ

ਜੱਜ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਖ਼ਤਰਨਾਕ ਕੁੱਤਿਆਂ ਨੂੰ ਗਲੀ ਮੁਹੱਲੇ ਵਿੱਚ ਖੁੱਲ੍ਹਾ ਛੱਡ ਕੇ ਹੋਰਾਂ ਲਈ ਖ਼ਤਰਾ ਪੈਦਾ ਕਰਨਾ ਅਪਰਾਧ ਹੈ। ਇਸ ਲਈ ਲੜਕੀ 'ਤੇ ਹਮਲਾ ਕਰਨ ਵਾਲੇ ਕੁੱਤੇ ਦੇ ਮਾਲਕਾਂ ਨੂੰ ਸਜ਼ਾ ਸੁਣਾ ਕੇ ਲੜਕੀ ਨਾਲ ਇਨਸਾਫ ਕੀਤਾ ਗਿਆ ਹੈ। ਹਾਲਾਂਕਿ ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਦੇ ਇਲਾਜ 'ਤੇ ਬੇਹੱਦ ਖ਼ਰਚ ਹੋਇਆ। ਅਦਾਲਤ ਵਿੱਚ ਕੇਸ ਵੀ ਚੱਲਿਆ ਪਰ ਉਨ੍ਹਾਂ ਨੂੰ ਹਾਲੇ ਤਕ ਕੋਈ ਖ਼ਰਚਾ ਨਹੀਂ ਮਿਲਿਆ।