ਅਮਨਦੀਪ ਦੀਕਸ਼ਿਤ


 

ABP Sanjha Exclusive 


ਸਬੂਤਾਂ ਨੂੰ ਦੇਖਦੇ ਹੋਏ ਮਜੀਠੀਆ ਦੀ ਭੂਮਿਕਾ ਦੀ ਅੱਗੇ ਜਾਂਚ ਹੋਵੇ: STF ਚੀਫ 

ਹਾਈਕੋਰਟ 'ਚ STF ਚੀਫ ਨੇ 31 ਜਨਵਰੀ ਨੂੰ ਦਿੱਤੀ ਸੀ ਰਿਪੋਰਟ 

ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਅਗਲਾ ਫੈਸਲਾ ਲੈਣ ਲਈ ਭੇਜੀ 

ਚੰਡੀਗੜ੍ਹ: ਪੰਜਾਬ ਦੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਕੇਸ 'ਚ ਸਪੈਸ਼ਲ ਟਾਸਕ ਫੋਰਸ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਦਿੱਤੀ ਆਪਣੀ ਰਿਪੋਰਟ 'ਚ STf ਚੀਫ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮਜੀਠੀਆ ਦੀ ਭੂਮਿਕਾ ਦੀ ਵਧੇਰੇ ਜਾਂਚ ਦੀ ਲੋੜ ਹੈ ਕਿਉਂਕਿ ਉਹਨਾ 'ਤੇ ਲਗੇ ਇਲਜ਼ਾਮਾਂ ਦੇ ਕਾਫੀ ਸਬੂਤ ਰਿਕਾਰਡ 'ਚ ਮੌਜੂਦ ਹਨ। ABP ਸਾਂਝਾ ਕੋਲ STF ਚੀਫ ਸਿੱਧੂ ਦੀ 34 ਪੇਜਾਂ ਦੀ ਪੂਰੀ ਰਿਪੋਰਟ ਹੈ। ਇਸ ਰਿਪੋਰਟ 'ਚ STF ਚੀਫ ਨੇ ED ਦੇ ਪੂਰੇ ਕੇਸ ਦਾ ਵੇਰਵਾ ਦਿੰਦਿਆਂ ਹੋਇਆਂ ਕਿਹਾ, ਕਿ ਨਸ਼ਾ ਤਸਕਰੀ ਦੇ ਮੁਲਜ਼ਮ ਜਗਜੀਤ ਚਾਹਲ ਤੇ ਮਨਿੰਦਰ ਸਿੰਘ ਬਿੱਟੂ ਔਲਖ ਨੇ ਲੈਣ ਦੇਣ ਤੇ ਮਾਈਨਿੰਗ ਵਰਗੇ ਕਈ ਗੰਭੀਰ ਆਰੋਪ ਲਗਾਏ ਨੇ। ਜਿਹਨਾਂ ਦੀ ਤਹਿ ਤਕ ਜਾਂਚ ਹੋਣੀ ਚਾਹੀਦੀ ਹੈ।

ਕੈਨੇਡਾ 'ਚ ਬੈਠੇ ਨਸ਼ਾ ਤਸਕਰ ਸਤਪ੍ਰੀਤ ਸੱਤਾ ਤੇ ਪਰਮਿੰਦਰ ਪਿੰਦੀ ਨਾਲ ਪੈਸੇ ਦੀ ਟ੍ਰਾੰਜੈਕਸ਼ਨ ਜਾਂ ਉਸ ਪੈਸੇ ਨਾਲ ਖਰੀਦੀ ਗਈ ਜਾਇਦਾਦ ਦੀ ਵੀ ਪੜਤਾਲ ਕਰਨ ਦੀ ਲੋੜ ਹੈ। STF ਚੀਫ ਨੇ 31 ਜਨਵਰੀ 2018 ਨੂੰ ਇਹ ਰਿਪੋਰਟ ਹਾਈਕੋਰਟ ਨੂੰ ਸੌੰਪੀ ਸੀ, ਹਾਈਕੋਰਟ ਨੇ ਇਹ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਹੈ। ਹਾਈਕੋਰਟ ਵਲੋਂ ਇਹ ਕਿਹਾ ਗਿਆ ਹੈ ਕਿ ਕਪਤਾਨ ਸਰਕਾਰ ਫੈਸਲਾ ਕਰੇ ਕਿ ਇਸ ਕੇਸ ਦੀ ਅੱਗੇ ਜਾਂਚ ਕਿਵੇਂ ਹੋਵੇ ਤੇ ਕੌਣ ਕਰੇ।

ਵੀਰਵਾਰ ਨੂੰ ਹਾਈਕੋਰਟ 'ਚ ਇਸ ਕੇਸ ਦੀ ਦੁਬਾਰਾ ਸੁਣਵਾਈ ਹੋਈ ਤੇ ਪੰਜਾਬ ਸਰਕਾਰ ਨੇ ਅਗਲੀ ਜਾਂਚ ਬਾਰੇ ਕੋਈ ਫੈਸਲਾ ਲੈਣ ਲਈ ਹੋਰ ਸਮਾਂ ਮੰਗਿਆ ਸੀ। ਹਾਈਕੋਰਟ 9 ਮਈ ਨੂੰ ਫਿਰ ਇਸ ਕੇਸ ਦੀ ਸੁਣਵਾਈ ਕਰੇਗਾ। STF ਦੀ ਰਿਪੋਰਟ 'ਚ ਡ੍ਰਗਸ ਤੋਂ ਇਲਾਵਾ ਮਾਈਨਿੰਗ ਨੂੰ ਲੈ ਕੇ ਵੀ ਕਈ ਵੱਡੇ ਖੁਲਾਸੇ ਕੀਤੇ ਗਏ ਨੇ। ABP ਸਾਂਝਾ ਪੂਰੀ ਰਿਪੋਰਟ ਦੇ ਖੁਲਾਸੇ ਅੱਗੇ ਵੀ ਤੁਹਾਡੇ ਨਾਲ ਇਕ- ਇਕ ਕਰਕੇ ਸਾਂਝਾ ਕਰੇਗਾ।