ਮਜੀਠੀਆ ਨੇ ਈਡੀ ਕੋਲ ਖੁਦ ਕਬੂਲੇ ਸਮਗਲਰ ਨਾਲ ਸਬੰਧ..!
ਏਬੀਪੀ ਸਾਂਝਾ | 16 Mar 2018 06:52 PM (IST)

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚਾਹੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗ ਲਈ ਹੈ ਪਰ ਐਸ.ਟੀ.ਐਫ. ਦੀ ਰਿਪੋਰਟ ਵਿੱਚ ਹੋਏ ਖੁਲਾਸਿਆਂ ਨੇ ਮਜੀਠੀਆ ਦੇ ਨਾਲ-ਨਾਲ ਕੇਜਰੀਵਾਲ ਨੂੰ ਵੀ ਮੁਸੀਬਤ ਵਿੱਚ ਫਸਾ ਦਿੱਤਾ ਹੈ। ਕੌਮਾਂਤਰੀ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਐਸਟੀਐਫ ਦੇ ਚੀਫ ਹਰਪ੍ਰੀਤ ਸਿੰਘ ਸਿੱਧੂ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਮਜੀਠੀਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੋਲ ਮੰਨਿਆ ਹੈ ਕਿ ਡਰੱਗ ਤਸਕਰੀ ਮਾਮਲੇ 'ਚ ਵਾਂਟੇਡ ਸੱਤਪ੍ਰੀਤ ਸੱਤਾ ਉਸ ਦੇ ਘਰ ਹੀ ਠਹਿਰਦਾ ਸੀ। ਰਿਪੋਰਟ ਵਿੱਚ ਦਰਜ ਹੈ ਕਿ ਸੱਤਾ ਚੋਣਾਂ ਵਿੱਚ ਮਜੀਠੀਆ ਲਈ ਕੰਮ ਕਰਦਾ ਸੀ। ਮਜੀਠੀਆ ਨੇ ਉਸ ਨੂੰ ਗੱਡੀ ਤੇ ਗੰਨਮੈਨ ਵੀ ਦਿੱਤੇ ਹੋਏ ਸੀ। ਐਸਟੀਐਫ ਦੀ ਰਿਪੋਰਟ ਮੁਤਾਬਕ ਮਜੀਠੀਆ ਤੇ ਸੱਤਾ 2003-4 ਤੋਂ ਇੱਕ-ਦੂਜੇ ਨੂੰ ਜਾਣਦੇ ਸੀ। ਸੱਤਾ ਵਿਆਹ ਤੇ ਭੋਗ ਸਮਾਗਮਾਂ ਵਿੱਚ ਮਜੀਠੀਆ ਨਾਲ ਅਕਸਰ ਜਾਂਦਾ ਸੀ। ਰਿਪੋਰਟ ਮੁਤਾਬਕ ਡਰੱਗ ਤਸਕਰੀ ਕੇਸ ਦੇ ਦੋ ਹੋਰ ਮੁਲਜ਼ਮ ਪਰਮਿੰਦਰ ਸਿੰਘ ਪਿੰਦੀ ਤੇ ਅਮਰਿੰਦਰ ਸਿੰਘ ਲਾਡੀ ਨੂੰ ਵੀ ਮਜੀਠੀਆ ਜਾਣਦਾ ਸੀ। ਉਂਝ ਇਨ੍ਹਾਂ ਦੇ ਬਿਆਨ ਦਰਜ ਨਹੀਂ ਹਨ। ਇਸ ਲਈ ਪੁੱਛਗਿੱਛ ਦੀ ਲੋੜ ਹੈ। ਕਾਬਲੇਗੌਰ ਹੈ ਕਿ ਪੰਜਾਬ ਦੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਕੇਸ ‘ਚ ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਆਪਣੀ ਰਿਪੋਰਟ ਸੌਂਪੀ ਹੈ। ਇਸ ਰਿਪੋਰਟ ਵਿੱਚ ਐਟੀਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮਜੀਠੀਆ ਦੀ ਭੂਮਿਕਾ ਦੀ ਵਧੇਰੇ ਜਾਂਚ ਦੀ ਲੋੜ ਹੈ ਕਿਉਂਕਿ ਉਨ੍ਹਾਂ ‘ਤੇ ਲੱਗੇ ਇਲਜ਼ਾਮਾਂ ਦੇ ਕਾਫੀ ਸਬੂਤ ਰਿਕਾਰਡ ‘ਚ ਮੌਜੂਦ ਹਨ। 'ABP ਸਾਂਝਾ' ਕੋਲ ਸਿੱਧੂ ਦੀ 34 ਪੇਜਾਂ ਦੀ ਪੂਰੀ ਰਿਪੋਰਟ ਹੈ। ਇਸ ਰਿਪੋਰਟ ‘ਚ ਸਿੱਧੂ ਨੇ ਈਡੀ ਦੇ ਪੂਰੇ ਕੇਸ ਦਾ ਵੇਰਵਾ ਦਿੰਦਿਆਂ ਹੋਇਆਂ ਕਿਹਾ ਕਿ ਨਸ਼ਾ ਤਸਕਰੀ ਦੇ ਮੁਲਜ਼ਮ ਜਗਜੀਤ ਚਾਹਲ ਤੇ ਮਨਿੰਦਰ ਸਿੰਘ ਬਿੱਟੂ ਔਲਖ ਨੇ ਲੈਣ ਦੇਣ ਤੇ ਮਾਈਨਿੰਗ ਵਰਗੇ ਕਈ ਗੰਭੀਰ ਇਲਜ਼ਾਮ ਲਗਾਏ ਹਨ ਜਿਨ੍ਹਾਂ ਦੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ। ਐਸਟੀਐਫ ਚੀਫ ਨੇ 31 ਜਨਵਰੀ 2018 ਨੂੰ ਇਹ ਰਿਪੋਰਟ ਹਾਈਕੋਰਟ ਨੂੰ ਸੌਂਪੀ ਸੀ। ਹਾਈਕੋਰਟ ਨੇ ਇਹ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਹੈ। ਹਾਈਕੋਰਟ ਵੱਲੋਂ ਇਹ ਕਿਹਾ ਗਿਆ ਹੈ ਕਿ ਕੈਪਟਨ ਸਰਕਾਰ ਫੈਸਲਾ ਕਰੇ ਕਿ ਇਸ ਕੇਸ ਦੀ ਅੱਗੇ ਜਾਂਚ ਕਿਵੇਂ ਹੋਵੇ ਤੇ ਕੌਣ ਕਰੇ।