ਇੱਕ ਟੀ.ਵੀ. ਚੈਨਲ ਦੇ ਸਟਿੰਗ ਆਪ੍ਰੇਸ਼ਨ ਦੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਫਰਜ਼ੀ ਕੰਪਨੀ ਦੇ ਨੁਮਾਇੰਦੇ ਬਣ ਕੇ ਆਏ ਪੱਤਰਕਾਰ ਨੇ ਐਮਪੀ ਸ਼ੇਰ ਸਿੰਘ ਘੁਬਾਇਆ ਤੋਂ ਕਾਲਜ ਦੀ ਪ੍ਰਵਾਨਗੀ ਦਿਵਾਉਣ ਬਲਦੇ ਇੱਕ ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ। ਵੀਡੀਓ ਵਿੱਚ ਪੱਤਰਕਾਰ ਕਹਿ ਰਿਹਾ ਹੈ, ‘‘ਇਹ ਕਾਲਾ ਧਨ ਹੋਵੇਗਾ ਤੇ ਇਸ ਦੇ ਬਦਲੇ ਤੁਹਾਨੂੰ ਸਾਡੇ ਹੱਕ ਵਿੱਚ ਸੰਸਦ 'ਚ ਵੀ ਸਵਾਲ ਪੁੱਛਣਾ ਪਵੇਗਾ।’’ ਵੀਡੀਓ 'ਚ ਘੁਬਾਇਆ ਕੰਪਨੀ ਦੇ ਨੁਮਾਇੰਦਿਆਂ ਦੀਆਂ ਸਾਰੀਆਂ ਸ਼ਰਤਾਂ ਮੰਨ ਰਹੇ ਹਨ ਤੇ ਕਹਿ ਰਹੇ ਹਨ ਕਿ ਉਨ੍ਹਾਂ ਪਿਛਲੀਆਂ ਚੋਣਾਂ 'ਤੇ 30 ਕਰੋੜ ਰੁਪਏ ਖ਼ਰਚੇ ਸੀ, ਲੱਖਾਂ ਦੀ ਸ਼ਰਾਬ ਵੰਡੀ ਤੇ ਵੋਟਾਂ ਵੀ ਮੁੱਲ ਖਰੀਦੀਆਂ ਸਨ। ਹਾਲਾਂਕਿ 'ਏਬੀਪੀ ਸਾਂਝਾ' ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।
ਉੱਧਰ, ਸ਼ੇਰ ਸਿੰਘ ਘੁਬਾਇਆ ਨੇ ਵੀਡੀਓ ਫੈਲਾਉਣ ਦਾ ਦੋਸ਼ ਬਾਦਲਾਂ ਸਿਰ ਮੜ੍ਹਦਿਆਂ ਕਿਹਾ ਕਿ ਬਾਦਲ ਪਰਿਵਾਰ ਹੀ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਕਾਂਗਰਸ ਦੀ ਟਿਕਟ ਨਾ ਮਿਲੇ। ਉਨ੍ਹਾਂ ਦਾਅਵਾ ਕੀਤਾ ਕਿ ਵੀਡੀਓ 'ਚ ਸ਼ਕਲ ਉਨ੍ਹਾਂ ਦੀ ਹੈ ਪਰ ਆਵਾਜ਼ ਡੱਬ ਕੀਤੀ ਗਈ ਹੈ ਕਿਉਂਕਿ ਉਕਤ ਵਿਅਕਤੀ ਜਦੋਂ ਉਨ੍ਹਾਂ ਨੂੰ ਮਿਲਣ ਆਏ ਸਨ ਤੇ ਕਰੋੜ ਰੁਪਏ ਦੀ ਪੇਸ਼ਕਸ਼ ਵੀ ਕੀਤੀ ਸੀ ਪਰ ਉਨ੍ਹਾਂ ਇਹ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਪਹਿਲੀ ਵਾਰ ਨਹੀਂ ਹੈ ਜਦ ਸ਼ੇਰ ਸਿੰਘ ਘੁਬਾਇਆ ਦੀ ਵੀਡੀਓ ਵਾਇਰਲ ਹੋਈ ਹੋਵੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਘੁਬਾਇਆ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ। ਹਾਲਾਂਕਿ, ਘੁਬਾਇਆ ਇਸ ਨੂੰ ਵੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸਦੇ ਹਨ।
ਇਹ ਵੀਡੀਓ ਉਦੋਂ ਵਾਇਰਲ ਹੋਈ ਹੈ ਜਦ ਘੁਬਾਇਆ ਕਾਂਗਰਸ ਉਨ੍ਹਾਂ ਨੂੰ ਫ਼ਿਰੋਜ਼ਪੁਰ ਤੋਂ ਲੋਕ ਸਭਾ ਟਿਕਟ ਦੇਣ ਬਾਰੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਵੱਲੋਂ ਵੀ ਇੱਥੋਂ ਕੀਤੀ ਜਾ ਰਹੀ ਟਿਕਟ ਦੀ ਮੰਗ ਕਾਰਨ ਹਾਈਕਮਾਨ ਨੇ ਹਾਲੇ ਫੈਸਲਾ ਨਹੀਂ ਕੀਤਾ ਹੈ।