ਸਰਕਾਰੀ ਰਿਪੋਰਟਾਂ ਮੁਤਾਬਕ 2016 ਤੋਂ ਸਤੰਬਰ 2019 ਤੱਕ ਲਾਵਾਰਸ ਪਸ਼ੂਆਂ ਕਾਰਨ ਹੋਈਆਂ 500 ਦੁਰਘਟਨਾਵਾਂ ਵਿੱਚ 370 ਮੌਤਾਂ ਹੋਈਆਂ। ਉਂਝ ਇਹ ਅੰਕੜੇ ਉਹ ਹਨ ਜਿਹੜੇ ਥਾਣਿਆਂ ਤੱਕ ਪਹੁੰਚੇ ਹਨ, ਅਸਲੀ ਤਸਵੀਰ ਹੋਰ ਵੀ ਭਿਆਨਕ ਹੈ। ਪੰਜਾਬ ਅੰਦਰ ਇੱਕ ਅਨੁਮਾਨ ਮੁਤਾਬਕ 1 ਲੱਖ 70 ਹਜ਼ਾਰ ਲਾਵਾਰਸ ਪਸ਼ੂ ਸੜਕਾਂ ਉੱਤੇ ਫਿਰਦੇ ਹਨ। ਇਹ ਹੀ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਲੋਕਾਂ ਤੋਂ ਗਾਊ ਸੈੱਸ ਦੇ ਨਾਂ 'ਤੇ ਮੋਟਾ ਟੈਕਸ ਵਸੂਲ ਰਹੀ ਹੈ। ਇਸ ਦੇ ਬਾਵਜੂਦ ਆਵਾਰਾ ਪਸ਼ੂ ਸ਼ਰੇਆਮ ਸੜਕਾਂ 'ਤੇ ਘੁੰਮ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਵੱਲੋਂ 22 ਅਕਤੂਬਰ 2014 ਨੂੰ ਜਾਰੀ ਨੀਤੀ ਅਨੁਸਾਰ ਹਰ ਜ਼ਿਲ੍ਹੇ ਵਿੱਚ ਪੰਚਾਇਤਾਂ ਤੋਂ ਲੀਜ਼ ਉੱਤੇ 25-25 ਏਕੜ ਜ਼ਮੀਨ ਲੈ ਕੇ ਹਰ ਜਗ੍ਹਾ 2000 ਲਾਵਾਰਸ ਪਸ਼ੂਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਣਾ ਸੀ। ਗਾਊਆਂ ਦੀ ਸੰਭਾਲ ਲਈ ਬਾਕਾਇਦਾ ਲੋਕਾਂ ਉੱਪਰ ਟੈਕਸ ਲਾਇਆ ਸੀ।
ਹੋਰ ਤਾਂ ਹੋਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਸਰਕਾਰਾਂ ਵਿਭਾਗ ਵੱਲੋਂ ਲਾਵਾਰਸ ਪਸ਼ੂਆਂ ਕਾਰਨ ਹੋਣ ਵਾਲੇ ਨੁਕਸਾਨ ਵਾਸਤੇ ਠੋਸ ਨੀਤੀ ਬਣਾਉਣ ਦੀ ਅੰਡਰਟੇਕਿੰਗ ਦਿੱਤੀ ਹੋਈ ਹੈ। ਵਿਭਾਗ ਨੇ ਅੱਗੋਂ ਨਗਰ ਨਿਗਮਾਂ ਤੇ ਕਮੇਟੀਆਂ ਨੂੰ ਇਸ ਮੁੱਦੇ ਉੱਤੇ ਫੈਸਲਾ ਲੈਣ ਲਈ ਭੇਜ ਦਿੱਤਾ ਹੈ ਪਰ ਅਜੇ ਤੱਕ ਕੋਈ ਨੀਤੀਗਤ ਫੈਸਲਾ ਨਹੀਂ ਲਿਆ ਗਿਆ।