ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਜਨਤਕ ਟਰਾਂਸਪੋਰਟ ਪ੍ਰਣਾਲੀ ਦੀ ਕਾਰਜਕੁਸ਼ਲਤਾ ਵਧਾਉਣ ਅਤੇ ਸੂਬੇ ਵਿੱਚ ਸਾਰੇ ਵਾਹਨਾਂ ਦੀ ਨਿਗਰਾਨੀ ਦੇ ਮੱਦੇਨਜ਼ਰ ਪਹਿਲੀ ਅਗਸਤ ਤੋਂ ਸਾਰੇ ਯਾਤਰੀ ਸੇਵਾ ਵਾਹਨਾਂ ’ਤੇ ਵਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਸਿਸਟਮ ਸ਼ੁਰੂ ਕੀਤਾ ਜਾਵੇਗਾ। ਸ਼ੁਰੂਆਤੀ ਸਮੇਂ ਵਿੱਚ ਇਹ ਸਿਸਟਮ ਬੱਸਾਂ, ਮਿਨੀ ਬੱਸਾਂ ਤੇ ਟੈਕਸੀਆਂ ਵਿੱਚ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ‘ਇਕ ਬੱਸ ਇਕ ਪਰਮਿਟ’ ਨੂੰ ਵਾਹਨ ਪੋਰਟਲ ਨਾਲ ਜੋੜਨ ਦਾ ਫ਼ੈਸਲਾ ਵੀ ਕੀਤਾ ਹੈ। 


ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਚੰਡੀਗੜ੍ਹ ਵਿੱਚ ਰਿਜਨਲ ਟਰਾਂਸਪੋਰਟ ਅਥਾਰਟੀਆਂ ਦੇ ਦਫਤਰਾਂ ਦੇ ਕੰਮਕਾਜ ਦੀ ਸਮੀਖਿਆ ਮੀਟਿੰਗ ਦੌਰਾਨ ਸਾਰੇ ਪਰਮਿਟ ਧਾਰਕਾਂ ਨੂੰ ਵਾਹਨ ਪੋਰਟਲ ’ਤੇ ਮੋਟਰ ਵਾਹਨ ਟੈਕਸ ਕਰਾਉਣ ਦੀ ਅਪੀਲ ਕੀਤੀ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਾਹਨ ਪੋਰਟਲ ’ਤੇ ‘ਇਕ ਬੱਸ ਇਕ ਪਰਮਿਟ’ ਲਾਗੂ ਹੋਣ ਪਿੱਛੋਂ ਓਟੀਪੀ ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇ। 


ਉਨ੍ਹਾਂ ਕਿਹਾ ਕਿ ਡਿਫਾਲਟਰਾਂ ਤੋਂ ਟੈਕਸ ਵਸੂਲੀ ਦਾ ਅਮਲ ਹੋਰ ਤੇਜ਼ ਕੀਤਾ ਜਾਵੇਗਾ। ਕੈਬਨਿਟ ਮੰਤਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵੈੱਬ ਪੋਰਟਲ ’ਤੇ ਸੰਯੁਕਤ ਸਮਾਂ ਸਾਰਣੀ ਅਪਲੋਡ ਕਰਨ ਦਾ ਵੀ ਫ਼ੈਸਲਾ ਵੀ ਕੀਤਾ ਗਿਆ। ਇਸ ਦੇ ਨਾਲ ਹੀ ਟਿੱਪਰ ਜਾਂ ਟਰੱਕ ਤੇ ਹੋਰ ਭਾਰੀ ਵਾਹਨਾਂ ਦੇ ਪਿਛਲੇ ਪਾਸੇ ਲੋਹੇ ਦੀ ਰਾਡ ਫਿੱਟ ਕਰਨੀ ਵੀ ਲਾਜ਼ਮੀ ਕੀਤੀ ਗਈ ਹੈ। 


ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਵਾਹਨ ਨੂੰ ਐਮਵੀਆਈ ਵੱਲੋਂ ਪਾਸ ਨਾ ਕੀਤਾ ਜਾਵੇ, ਜਿਸ ’ਤੇ ਲੋਹੇ ਦੀ ਰਾਡ ਫਿੱਟ ਨਾ ਹੋਵੇ। ਉਨ੍ਹਾਂ ਸਬੰਧਤ ਆਰਟੀਏ ਸਕੱਤਰ ਵੱਲੋਂ ਸਾਰੇ ਅੰਤਰਰਾਜੀ ਨਾਕਿਆਂ ਦਾ ਨਿਯਮਤ ਰੂਪ ਨਾਲ ਨਿਰੀਖਣ ਕਰਨ ਦੇ ਵੀ ਆਦੇਸ਼ ਦਿੱਤੇ।


ਕੇਂਦਰ ਸਰਕਾਰ ਨੇ ਮੁੜ ਦਿੱਤਾ ਪੰਜਾਬ ਨੂੰ ਝਟਕਾ, ਪੰਜਾਬ ਤੋਂ ਉੱਠੇ ਅੰਦੋਲਨ ਕਰਕੇ ਬਣੀ ਕਮੇਟੀ ਪਰ ਪੰਜਾਬ ਨੂੰ ਹੀ ਨਹੀਂ ਮਿਲੀ ਕੋਈ ਥਾਂ