ਲੁਧਿਆਣਾ: ਦਿੱਲੀ ‘ਚ ਹਰ ਦਿਨ ਵਧ ਰਹੇ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ‘ਤੇ ਇਲਜ਼ਾਮ ਲੱਗ ਰਿਹਾ ਹੈ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਗੁਆਂਢੀ ਸੂਬਿਆਂ ‘ਚ ਲਗਾਤਾਰ ਕਿਸਾਨਾਂ ਵੱਲੋਂ ਪਾਰਲੀ ਨੂੰ ਅੱਗ ਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਦੋਵਾਂ ਸੂਬਿਆਂ ‘ਚ ਵੀ ਇੱਕ ਦੂਜੇ ‘ਤੇ ਦੋਸ਼ ਲਾਏ ਜਾ ਰਹੇ ਹਨ।

ਇਸ ਦੇ ਮੱਦੇਨਜ਼ਰ ਲੁਧਿਆਣਾ ਸਥਿਤ ਪੰਜਾਬ ਰੀਮੋਟ ਸੈਂਸਿੰਗ ਸੈਂਟਰ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ। ਇਸ ਦੇ ਅੰਕੜਿਆਂ ‘ਚ ਕਿਹਾ ਗਿਆ ਹੈ ਕਿ ਪੰਜਾਬ ‘ਚ ਪਿਛਲੇ ਸਾਲ ਨਾਲੋਂ ਇਸ ਵਾਰ ਪਰਾਲੀ ਸਾੜਣ ਦੇ ਮਾਮਲੇ ਘਟੇ ਹਨ। ਸੈਂਟਰ ਦੇ ਅਧਿਕਾਰੀ ਨੇ ਦੱਸਿਆ ਕਿ 2019 ‘23 ਸਤੰਬਰ ਤੋਂ 3 ਨਵੰਬਰ ਤਕ 25,314 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ। ਜਦਕਿ ਸਾਲ 2018 ‘ਚ ਸਤੰਬਰ ਤੋਂ ਨਵੰਬਰ ‘ਚ ਇਹ ਅੰਕੜਾ 25,380 ਦਾ ਸੀ।

ਉਧਰ, ਸਾਲ 2017 ‘ਚ ਪਰਾਲੀ ਸਾੜਨ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ ਸੀ। ਇਸ ਸਾਲ ‘ਚ ਸਤੰਬਰ ਤੋਂ ਨਵੰਬਰ ‘ਚ 30,867 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਪੰਜਾਬ ਰੀਮੋਟ ਸੈਂਸਿੰਗ ਸੈਂਟਰ ਦੀ ਰਿਪੋਰਟ ਮੁਤਾਬਕ ਇਸ ਸਾਲ ਸਭ ਤੋਂ ਜ਼ਿਆਦਾ ਧੂੰਆਂ ਕਰਨ ਵਾਲਾ ਦਿਨ 30 ਅਕਤੂਬਰ ਰਿਹਾ।

ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲਾ ਹਫਤਾ ਖ਼ਤਰਨਾਕ ਸਾਬਤ ਹੋ ਸਕਦਾ ਹੈ ਕਿਉਂਕਿ ਕਿਸਾਨ ਨਵੀਂ ਫਸਲ ਲਾਉਣ ਦੀ ਤਿਆਰੀ ‘ਚ ਹੈ। ਇਸ ਲਈ ਕਿਸਾਨ ਨੂੰ ਖੇਤ ਖਾਲੀ ਚਾਹੀਦਾ ਹੈ ਤੇ ਉਹ ਪਰਾਲੀ ਚੁੱਕਣ ਦਾ ਕੋਈ ਹੱਲ ਨਾ ਮਿਲਣ ਤੋਂ ਬਾਅਦ ਉਸ ਨੂੰ ਅੱਗ ਲਾਉਣ ਲਈ ਮਜ਼ਬੂਰ ਹੈ।