Stubble Burning in Punjab: ਪੰਜਾਬ ਅੰਦਰ ਕਿਸਾਨਾਂ ਨੂੰ ਪਾਰਲੀ ਸਾੜਨ ਤੋਂ ਰੋਕਣ ਲਈ ਭਗਵੰਤ ਮਾਨ ਸਰਕਾਰ ਦੀ ਨੀਤੀ ਕੋਈ ਕਾਰਗਾਰ ਸਾਬਤ ਨਹੀਂ ਹੋ ਰਹੀ। ਪੰਜਾਬ ਸਰਕਾਰ ਅਜੇ ਤੱਕ ਨਾ ਤਾਂ ਕਿਸਾਨਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕਰ ਸਕੀ ਹੈ ਤੇ ਨਾ ਹੀ ਉਨ੍ਹਾਂ ਖਿਲਾਫ ਸਖਤੀ ਕਰਨ ਦਾ ਜ਼ੇਰਾ ਕਰ ਰਹੀ ਹੈ। ਸਰਕਾਰ ਦੀ ਇਸ ਜਕੋਤਕੀ ਵਿਚਾਲੇ ਅਫਸਰ ਪਿੱਸ ਰਹੇ ਹਨ। ਕੁਝ ਜ਼ਿਲ੍ਹਿਆਂ ਵਿੱਚ ਅਫਸਰਾਂ ਨੇ ਕਿਸਾਨਾਂ ਖਿਲਾਫ ਸਖਤੀ ਕੀਤੀ ਹੈ ਪਰ ਸਰਕਾਰ ਅਜਿਹਾ ਕਰਨ ਤੋਂ ਝਕ ਰਹੀ ਹੈ।

ਦਿਲਚਸਪ ਗੱਲ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਡਿਪਟੀ ਕਮਿਸ਼ਨਰਾਂ ਨੂੰ ਤਾੜਨਾ ਕੀਤੀ ਹੈ ਕਿ ਸੂਬੇ ਵਿੱਚ ਪਰਾਲੀ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਵਿੱਚ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪਰ ਨਾਲ ਹੀ ਖੇਤੀ ਮੰਤਰੀ ਵਾਰ-ਵਾਰ ਕਹਿ ਰਹੇ ਹਨ ਕਿ ਕਿਸਾਨਾਂ ਖਿਲਾਫ ਕੋਈ ਸਖਤੀ ਨਹੀਂ ਵਰਤੀ ਜਾਏਗੀ। ਅਜਿਹੇ ਵਿੱਚ ਅਫਸਰਾਂ ਨੂੰ ਨਹੀਂ ਸੁੱਝ ਰਿਹਾ ਕਿ ਉਹ ਪਾਰਲੀ ਸਾੜਨ ਤੋਂ ਕਿਸਾਨਾਂ ਨੂੰ ਕਿਵੇਂ ਰੋਕਣ।


 ਇਹ ਵੀ ਪੜ੍ਹੋ : Mohali Grenade attack : ਮੋਹਾਲੀ 'ਚ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਆਰਪੀਜੀ ਹਮਲੇ 'ਚ ਪੁਲਿਸ ਨੇ 7 ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ

ਉਧਰ, ਮੁੱਖ ਸਕੱਤਰ ਨੇ ਪਰਾਲੀ ਸਾੜਨ ਕਾਰਨ ਹੁੰਦੇ ਨੁਕਸਾਨਾਂ ਤੋਂ ਜਾਣੂ ਕਰਾਉਣ ਲਈ ਗੁਰਦੁਆਰਿਆਂ ’ਚੋਂ ਮੁਨਿਆਦੀ ਕਰਾਏ ਜਾਣ ਲਈ ਵੀ ਕਿਹਾ ਹੈ। ਸਕੂਲੀ ਬੱਚੇ ਵੀ ਆਪਣੇ ਮਾਪਿਆਂ ਨੂੰ ਨਾੜ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨਗੇ। ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਪਿੰਡਾਂ ਵਿਚ ਜ਼ਿਆਦਾ ਚੌਕਸੀ ਵਰਤਣ ਲਈ ਕਿਹਾ ਗਿਆ ਹੈ ਜਿੱਥੇ ਪਹਿਲਾਂ ਵੀ ਨਾੜ ਨੂੰ ਅੱਗ ਲਾਏ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।

ਮੁੱਖ ਸਕੱਤਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਹਰ ਹੀਲੇ ਰੋਕਣ ਲਈ ਆਪੋ-ਆਪਣੇ ਜ਼ਿਲ੍ਹਿਆਂ ਵਿਚ ਤੇਜ਼ੀ ਨਾਲ ਕੰਮ ਕਰਨ। ਉਨ੍ਹਾਂ ਸੋਮਵਾਰ ਨੂੰ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਕਰੀਬ ਦੋ ਘੰਟੇ ਵਰਚੁਅਲ ਮੀਟਿੰਗ ਕੀਤੀ ਤੇ ਪਰਾਲੀ ਸਾੜਨ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਗਤੀ ਰਿਪੋਰਟ ਵੀ ਲਈ। ਉਨ੍ਹਾਂ ਕਿਹਾ ਕਿ ਹੈਪੀ ਸੀਡਰ ਤੇ ਅਜਿਹੇ ਹੋਰ ਸੰਦਾਂ/ਮਸ਼ੀਨਾਂ ਦੀ ਖ਼ਰੀਦ ਲਈ ਕਿਸਾਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕੀਤੀ ਜਾਵੇਗੀ। ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਨੂੰ ਸਾੜਨ ਦੀ ਥਾਂ ਇਸ ਦੇ ਪ੍ਰਬੰਧਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ।