ਚੰਡੀਗੜ੍ਹ: ਪੂਰੇ ਪੰਜਾਬ ਵਿੱਚ ਅੱਜ ਮੀਂਹ, ਹਨੇਰੀ ਤੇ ਝੱਖੜ ਦੇ ਨਾਲ-ਨਾਲ ਕਾਲੀਆਂ ਘਟਾਵਾਂ ਛਾ ਗਈਆਂ। ਜਿੱਥੇ ਆਮ ਲੋਕਾਂ ਨੇ ਵਧਦੀ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ, ਉੱਥੇ ਹੀ ਇਸ ਮੀਂਹ ਨੇ ਕਿਸਾਨਾਂ ਤੇ ਆੜ੍ਹਤੀਆਂ ਦਾ ਫਿਕਰ ਵਧਾ ਦਿੱਤਾ ਹੈ। ਖਰਾਬ ਮੌਸਮ ਦੌਰਾਨ ਇੱਕ ਕਿਸਾਨ ਦੀ ਅਸਮਾਨੀ ਬਿਜਲੀ ਦੇ ਡਿੱਗਣ ਕਰਕੇ ਮੌਤ ਹੋ ਗਈ।   ਜਲਾਲਾਬਾਦ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਪਿੰਡ ਘਾਂਗਾ ਕਲਾਂ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਗੁਰਚਰਨ ਸਿੰਘ ਸਾਬਕਾ ਫੌਜੀ ਸੀ ਤੇ ਆਪਣੇ ਪਸ਼ੂ ਲੈ ਕੇ ਪਿੰਡ ਦੇ ਛੱਪੜ 'ਤੇ ਗਿਆ ਹੋਇਆ ਸੀ, ਜਿੱਥੇ ਉਹ ਆਸਮਾਨੀ ਬਿਜਲੀ ਦਾ ਸ਼ਿਕਾਰ ਹੋ ਗਿਆ। ਬਿਜਲੀ ਡਿੱਗਣ ਨਾਲ ਮ੍ਰਿਤਕ ਦਾ ਇੱਕ ਪਾਸਾ ਸੜ ਗਿਆ। ਅੱਜ ਸਵੇਰ ਤੋਂ ਹੀ ਅੰਮ੍ਰਿਸਤਰ ਤੋਂ ਲੈ ਕੇ ਬਠਿੰਡਾ ਤਕ ਪੂਰੇ ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ। ਭਾਰੀ ਝੱਖੜ ਤੇ ਮੀਂਹ ਨੇ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਮੰਡੀ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਤੇ ਕਈ ਥਾਈਂ ਖੁੱਲ੍ਹੀ ਪਈ ਕਣਕ ਭਿੱਜ ਗਈ।
ਅੰਮ੍ਰਿਤਸਰ ਦੀ ਅਨਾਜ ਮੰਡੀ ਵਿੱਚ ਆੜ੍ਹਤੀਆ ਨਰਿੰਦਰ ਬਹਿਲ ਨੇ ਦੱਸਿਆ ਕਿ ਬਾਰਸ਼ ਕਾਰਨ ਮੰਡੀਆਂ ਵਿੱਚ ਪਿਆ ਅਨਾਜ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਲਿਫ਼ਟਿੰਗ ਟੈਂਡਰ ਉਨ੍ਹਾਂ ਨੂੰ ਹੀ ਦਿੱਤੇ ਜਾਣ ਜਿਨ੍ਹਾਂ ਕੋਲ ਆਪਣੇ ਵਾਹਨ ਹੋਣ ਪਰ ਸਰਕਾਰ ਨੇ ਹੋਰਾਂ ਲਈ ਟੈਂਡਰ ਜਾਰੀ ਕਰ ਦਿੱਤੇ ਜਿਨ੍ਹਾਂ ਕੋਲ ਆਪਣੇ ਟਰੱਕ ਨਹੀਂ ਸਨ। ਬਹਿਲ ਨੇ ਦੱਸਿਆ ਕਿ ਅੰਮ੍ਰਿਤਸਰ ਮੰਡੀ ਵਿੱਚ ਤਕਰੀਬਨ 90,000 ਬੋਰੀਆਂ ਕਣਕ ਪਈ ਹੈ ਜੋ ਮੀਂਹ ਕਾਰਨ ਖ਼ਰਾਬ ਹੋ ਰਹੀ ਹੈ। ਉੱਧਰ, ਸ਼ਹਿਰਾਂ ਵਿੱਚ ਮੌਸਮ ਖ਼ਰਾਬ ਹੋਣ ਨਾਲ ਦੁਪਹਿਰ ਸਮੇਂ ਹੀ ਹਨੇਰਾ ਛਾ ਗਿਆ। ਇੰਝ ਲੱਗ ਰਿਹਾ ਸੀ ਜਿਵੇਂ ਰਾਤ ਪੈ ਗਈ ਹੋਵੇ। ਕਾਲੀਆਂ ਘਟਾਵਾਂ ਕਾਰਨ ਲੋਕਾਂ ਨੂੰ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਸਫ਼ਰ ਕਰਨਾ ਪਿਆ। ਇਸ ਮੀਂਹ ਨੇ ਆਮ ਲੋਕਾਂ ਨੂੰ ਤਾਂ ਆਰਜ਼ੀ ਰਾਹਤ ਦਿੱਤੀ ਹੈ, ਪਰ ਕਿਸਾਨਾਂ ਤੇ ਆੜ੍ਹਤੀਆਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ।