ਫ਼ਰੀਦਕੋਟ: ਇੱਥੋਂ ਦੇ ਇੱਕ ਚਾਰ ਮੈਂਬਰੀ ਪਰਿਵਾਰ ਨੇ ਭੇਤਭਰੇ ਢੰਗ ਨਾਲ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਇਨ੍ਹਾਂ ਵਿੱਚੋਂ ਦੋ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਤੇ ਬਾਕੀਆਂ ਦੀ ਭਾਲ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਤੇ ਉਸ ਦੀ ਪਤਨੀ ਸਲਵਿੰਦਰ ਕੌਰ ਆਪਣੀਆਂ ਦੋ ਧੀਆਂ ਹਰਭਜਨ ਕੌਰ ਤੇ ਪਰਵੀਨ ਕੌਰ ਨਾਲ ਦੋ ਦਿਨ ਪਹਿਲਾਂ ਆਪਣੇ ਘਰ ਖ਼ੁਦਕੁਸ਼ੀ ਨੋਟ ਛੱਡ ਕੇ ਅਚਾਨਕ ਲਾਪਤਾ ਹੋ ਗਏ ਸਨ।
ਇਸ ਤੋਂ ਬਾਅਦ ਪੁਲਿਸ ਨੇ ਵੀਰਵਾਰ ਨੂੰ ਸਲਵਿੰਦਰ ਕੌਰ ਤੇ ਹਰਭਜਨ ਕੌਰ ਦੀਆਂ ਲਾਸ਼ਾਂ ਮੁਕਤਸਰ ਜ਼ਿਲ੍ਹੇ ਨੇੜੇ ਰਾਜਸਥਾਨ ਨਹਿਰ ਵਿੱਚੋਂ ਬਰਾਮਦ ਕੀਤੀਆਂ। ਪੁਲਿਸ ਨੇ ਜਗਤਾਰ ਸਿੰਘ ਤੇ ਪਰਵੀਨ ਕੌਰ ਦੀਆਂ ਲਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੀ ਇੱਕ ਲੜਕੀ ਰਾਜਪਾਲ ਕੌਰ ਨੇ ਦੱਸਿਆ ਕਿ ਉਸ ਦੇ ਮਾਪੇ ਤੇ ਦੋਵੇਂ ਭੈਣਾਂ ਨੇ ਖ਼ੁਦਕੁਸ਼ੀ ਵਿੱਚ ਸ਼ਹਿਰ ਦੇ ਕੁਝ ਵਿਅਕਤੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਲਾਸ਼ਾਂ ਮੁਕਤਸਰ ਕੋਲੋਂ ਬਰਾਮਦ ਕੀਤੀਆਂ ਗਈਆਂ ਹਨ ਤੇ ਬਾਕੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਜਗਤਾਰ ਸਿੰਘ ਦਾ ਆਪਣੇ ਗੁਆਂਢੀਆਂ ਨਾਲ ਝਗੜਾ ਸੀ। ਇਸ ਕਾਰਨ ਉਸ ਨੇ ਤੰਗ ਆ ਕੇ ਨਹਿਰ ਵਿੱਚ ਛਾਲ ਮਾਰਕੇ ਖ਼ੁਦਕੁਸ਼ੀ ਕਰ ਲਈ। ਪੀੜਤ ਪਰਿਵਾਰ ਨੇ ਤਕਰੀਬਨ ਮਹੀਨਾ ਪਹਿਲਾਂ ਆਪਣੇ ਗੁਆਂਢੀਆਂ ਖ਼ਿਲਾਫ਼ ਕੁੱਟਮਾਰ ਦਾ ਪਰਚਾ ਦਰਜ ਕਰਵਾਇਆ ਸੀ।