ਅੰਮ੍ਰਿਤਸਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਅਕਾਲੀ-ਬੀਜੇਪੀ ਸਰਕਾਰ 25 ਸਾਲ ਤੱਕ ਪੰਜਾਬ ਵਿੱਚ ਚੱਲੇਗੀ। ਅੰਮ੍ਰਿਤਸਰ ਵਿੱਚ 'ਏਬੀਪੀ ਨਿਊਜ਼' ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਸਵਾਲ ਪੁੱਛਿਆ ਸੀ ਕਿ ਇਸ ਵਾਰ ਹੈਟ੍ਰਿਕ ਲੱਗੇਗੀ ? ਉਨ੍ਹਾਂ ਆਖਿਆ ਕਿ ਹੈਟਟ੍ਰਿਕ ਕr ਉਨ੍ਹਾਂ ਦਾ ਟੀਚਾ 25 ਸਾਲ ਤੱਕ ਰਾਜ ਕਰਨ ਦਾ ਹੈ ਤੇ ਅਜੇ ਤਾਂ ਸਿਰਫ਼ 10 ਸਾਲ ਹੋਏ ਹਨ।
ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਰਸਤੇ ਨੂੰ ਵਿਰਾਸਤੀ ਦਿੱਖ ਦਿੱਤੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਹੈਰੀਟੇਜ ਵਾਕ ਉੱਤੇ ਨਿਕਲੇ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਸ ਉੱਤੇ 300 ਕਰੋੜ ਰੁਪਏ ਖ਼ਰਚ ਹੋਣਗੇ ਤੇ ਅਗਲੇ ਤਿੰਨ ਸਾਲ ਵਿੱਚ ਇਸ ਪ੍ਰਾਜੈਕਟ ਨੂੰ ਪੂਰਾ ਕਰ ਲਿਆ ਜਾਵੇਗਾ।
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦਾ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਨਾਲ ਹੋਣਾ ਹੈ। ਸੁਖਬੀਰ ਅਨੁਸਾਰ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਜ਼ਮਾਨਤ ਜ਼ਬਤ ਹੋ ਜਾਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਟਵਿੱਟਰ ਉੱਤੇ ਛੜੀ ਜੰਗ ਦੇ ਮੁੱਦੇ ਉੱਤੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਇਹ ਦੋਵੇਂ ਸਿਰਫ਼ ਟਵਿੱਟਰ ਉੱਤੇ ਹੀ ਰਹਿ ਜਾਣਗੇ। ਇਸ ਦੌਰਾਨ ਸੁਖਬੀਰ ਨੇ ਨਵਜੋਤ ਸਿੰਘ ਸਿੱਧੂ ਉੱਤੇ ਵਿਅੰਗ ਕਰਦਿਆਂ ਉਸ ਨੂੰ ਐਕਸਪੈਰੀ ਡੇਟ ਦਾ ਮਾਲ ਦੱਸਿਆ।
ਇਸ ਮੌਕੇ ਉੱਤੇ ਸੂਬੇ ਵਿੱਚ ਕਿਸਾਨ ਖੁਦਕੁਸ਼ੀਆਂ ਤੇ ਡਰੱਗਜ਼ ਦੇ ਮੁੱਦੇ ਉੱਤੇ ਪੁੱਛੇ ਗਏ ਸਵਾਲ ਸੁਖਬੀਰ ਬਚਦੇ ਨਜ਼ਰ ਆਏ। ਉਨ੍ਹਾਂ ਇਸ ਨੂੰ ਵਿਰੋਧੀ ਪਾਰਟੀਆਂ ਦਾ ਦੁਰ ਪ੍ਰਚਾਰ ਦੱਸਿਆ। ਉਨ੍ਹਾਂ ਆਖਿਆ ਕਿ ਇਸ ਪ੍ਰਾਜੈਕਟ ਦਾ ਮਕਸਦ ਰਾਜਨੀਤਕ ਲਾਭ ਨਹੀਂ ਸਗੋਂ ਅੰਮ੍ਰਿਤਸਰ ਦੀ ਦਿੱਖ ਬਦਲਣਾ ਉਨ੍ਹਾਂ ਦਾ ਮੁੱਖ ਮਕਸਦ ਹੈ।