ਅੰਮ੍ਰਿਤਸਰ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਨੀਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਕਰਤਾਰਪੁਰ ਲਾਂਘੇ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਉਹ ਜ਼ੀਰੋ ਲਾਈਨ ਨੇੜੇ ਵੀ ਗਏ। ਉਨ੍ਹਾਂ ਨੇ ਦੂਰਬੀਨ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।


ਇਸ ਮੌਕੇ ਸੁਖਬੀਰ ਬਾਦਲ ਨੇ ਕਾਂਗਰਸ ਪਾਰਟੀ ‘ਤੇ ਇਲਜ਼ਾਮ ਲਗਾਏ ਕਿ ਕਾਂਗਰਸ ਆਪਣੇ ਆਪ ਨੂੰ ਪੰਥਕ ਸਾਬਤ ਕਰਨ ‘ਚ ਲੱਗੀ ਹੋਈ ਹੈ। ਉਨ੍ਹਾਂ ਕਾਂਗਰਸ ਤੋਂ ਸਵਾਲ ਕੀਤਾ ਕਿ ਕੀ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਕਦੇ ਨਗਰ ਕੀਰਤਨ ਜਾਂ ਕਿਸੇ ਧਾਰਮਿਕ ਸਮਾਗਮ ਦਾ ਪ੍ਰਬੰਧ ਕੀਤਾ ਹੈ? ਉਨ੍ਹਾਂ ਕਿਹਾ ਕਿ ਹਮੇਸ਼ਾ ਸਾਰੇ ਧਾਰਮਿਕ ਸਮਾਗਮ ਸ਼੍ਰੋਮਣੀ ਕਮੇਟੀ ਵੱਲੋਂ ਹੀ ਕੀਤੇ ਕਰਵਾਏ ਜਾਂਦੇ ਹਨ।



ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨ ਵੱਲੋਂ ਲਾਂਘੇ ‘ਤੇ ਸ਼ਰਧਾਲੂਆਂ ਤੋਂ ਡਾਲਰਾਂ ‘ਚ ਖ਼ਰਚਾ ਮੰਗਣ ਦਾ ਸਖ਼ਤ ਸ਼ਬਦਾਂ ‘ਚ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਹਰਸਿਮਰਤ ਨੇ ਕਿਹਾ ਕਿ ਜੇ ਪਾਕਿਸਤਾਨ ਇਸ ਗੱਲ ‘ਤੇ ਅੜਿਆ ਰਹਿੰਦਾ ਹੈ ਤਾਂ ਪੰਜਾਬ ਸਰਕਾਰ ਨੂੰ ਗਰੀਬ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਹਰਸਿਮਰਤ ਇੱਥੇ ਵੀ ਮੋਦੀ ਸਰਕਾਰ ਦੀ ਤਾਰੀਫ ਕਰਨਾ ਨਹੀਂ ਭੁੱਲੀ। ਉਸ ਨੇ ਮੋਦੀ ਸਰਕਾਰ ਦੀ ਤਾਰੀਫ ਕਰਦਿਆਂ ਕਰੋੜਾਂ ਰੁਪਏ ਲਗਾ ਕੇ ਭਾਰਤ ਵਾਲੇ ਪਾਸਿਓਂ ਤਿਆਰ ਕੀਤੇ ਸ਼ਾਨਦਾਰ ਢਾਂਚੇ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ।