Punjab News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾਉਣ ਦੇ ਫੈਸਲੇ ’ਤੇ ਮੁੜ ਨਜ਼ਰਸਾਨੀ ਕਰੇ ਅਤੇ ਕਿਹਾ ਕਿ ਜਦੋਂ ਵੀ ਵਿਸ਼ਵ ਵਿਚ ਚੌਲਾਂ ਦੀ ਕੀਮਤਾਂ ਵਿਚ ਵਾਧੇ ਦਾ ਲਾਭ ਲੈਣ ਦਾ ਸਾਡੇ ਕਿਸਾਨਾਂ ਵਾਸਤੇ ਸਮਾਂ ਆਉਂਦਾ ਹੈ, ਕੇਂਦਰ ਸਰਕਾਰ ਇਸ ’ਤੇ ਪਾਬੰਦੀ ਲਗਾ ਦਿੰਦੀ ਹੈ ਜੋ ਵਿਤਕਰੇ ਭਰਪੂਰ ਹੈ। ਇਸ ਪਾਬੰਦੀ ਨੂੰ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ।

ਅਕਾਲੀ ਦਲ ਦੇ ਪ੍ਰਧਾਨ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਲਾਈ ਪਾਬੰਦੀ ਦੀ ਗੱਲ ਕਰ ਰਹੇ ਸਨ, ਜਿਸਦੀ ਕੀਮਤ 1200 ਡਾਲਰ ਪ੍ਰਤੀ ਮੀਟਰਿਕ ਟਨ ਹੈ ਤੇ ਸਰਕਾਰ ਦਾ ਦਾਅਵਾ ਹੈ ਕਿ ਚੌਲਾਂ ਦਾ ਵਰਗੀਕਰਨ ਕਰਕੇ ਉਹ ਗੈਰ ਬਾਸਮਤੀ ਚੌਲਾਂ ਦੀ ਬਰਾਮਦ ਰੋਕਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਪਾਬੰਦੀ ਦਾ ਅਸਰ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਵੀ ਪਵੇਗਾ।

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਇਕ ਹੋਰ ਕਿਸਾਨ ਵਿਰੋਧੀ ਫੈਸਲਾ ਹੈ, ਜੋ ਗੈਰ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾਉਣ ਤੇ ਪਾਰ ਬੋਇਲਡ ਰਾਈਸ (ਅੱਧ ਪੱਕੇ ਚੌਲਾਂ) ਦੀ ਬਰਾਮਦ ’ਤੇ 20 ਫੀਸਦੀ ਡਿਊਟੀ ਲਾਉਣ ਮਗਰੋਂ ਇਹ ਤਾਜ਼ਾ ਕਿਸਾਨ ਵਿਰੋਧੀ ਫੈਸਲਾ ਹੈ। ਉਹਨਾਂ ਕਿਹਾ ਕਿ ਬਜਾਏ ਅਜਿਹੀਆਂ ਪਾਬੰਦੀਆਂ ਲਾਉਣ ਦੇ ਸਰਕਾਰ ਨੂੰ ਝੌਨੇ ਦੇ ਘੱਟੋ ਘੱਟ ਸਮਰਥਨ ਮੁੱਲ (ਐਮ ਐਸ ਪੀ) ਵਿਚ ਵਾਧੇ ’ਤੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਦੀ ਅਨਾਜ ਸੁਰੱਖਿਆ ਵਿਚ ਮਦਦ ਮਿਲ ਸਕੇ।

ਸਰਦਾਰ ਬਾਦਲ ਨੇ ਕਿਹਾ ਕਿ ਪਾਬੰਦੀਆਂ ਕਾਰਨ ਕਿਸਾਨਾਂ ਨੂੰ ਦੂਹਰੀ ਮਾਰ ਪਵੇਗੀ ਤੇ ਉਹ ਆਪਣੀ ਝੋਨੇ ਦੀ ਫਸਲ ਵਿਸ਼ਵ ਦੀਆਂ ਕੀਮਤਾਂ ਦੇ ਮੁਕਾਬਲੇ ਘੱਟ ਐਮਐਸਪੀ ’ਤੇ ਵੇਚਣ ਵਾਸਤੇ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਹੁਣ ਜਦੋਂ ਵਿਸ਼ਵ ਬਜ਼ਾਰ ਵਿਚ ਚੌਲਾਂ ਦੀ ਕੀਮਤ ਵੱਧ ਹੋਣ ਕਾਰਨ ਉਹਨਾਂ ਨੂੰ ਲਾਭ ਮਿਲਣਾ ਹੈ ਤਾਂ ਇਸ ਚੀਜ਼ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਕਣਕ ਦੇ ਸੀਜ਼ਨ ਵੇਲੇ ਵਿਸ਼ਵ ਵੀਕਮਤਾਂ ਵਿਚ ਵਾਧੇ ਦਾ ਲਾਭ ਨਹੀਂ ਲੈਣ ਦਿੱਤਾ ਗਿਆ ਤੇ ਕੇਂਦਰ ਸਰਕਾਰ ਨੇ ਪਿਛਲੇ ਸਾਲ ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਸੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਵੱਧ ਕੀਮਤਾਂ ਦੀ ਬਹੁਤ ਲੋੜ ਹੈ ਕਿਉਂਕਿ ਕਿਸਾਨ ਪਹਿਲੀ ਫਸਲ ਬਰਬਾਦ ਹੋਣ ਮਗਰੋਂ ਦੂਜੀ ਵਾਰ ਝੋਨਾ ਲਾਉਣ ਲਈ ਮਜਬੂਰ ਹੋਏ ਹਨ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਤੇ ਇਹ ਗਿਰਦਾਵਰੀ ਕਰਨ ਵਿਚ ਵੀ ਨਾਕਾਮ ਰਹੀ ਹੈ ਤੇ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾਉਣ ਦੇ ਨਾਲ-ਨਾਲ ਅੱਧ ਪਕੇ ਚਾਵਲਾਂ ’ਤੇ ਵੱਧ ਡਿਊਟੀ ਲਾਉਣ ਕਾਰਨ ਸੂਬੇ ਵਿਚ ਕਿਸਾਨੀ ਸੰਕਟ ਹੋਰ ਡੂੰਘਾ ਹੋਇਆ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਪੇਸ਼ੀਨਗੋਈ ਜੋ ਮਰਜ਼ੀ ਕੀਤੀ ਗਈ ਹੋਵੇ, ਚੌਲਾਂ ਦੀ ਕੀਮਤ ਦੀ ਖਪਤਕਾਰ ਸੂਚਕ ਅੰਕ ਵਿਚ ਵਾਧੇ ਵਿਚ ਭੂਮਿਕਾ ਨਿਗੂਣੀ ਹੁੰਦੀ ਹੈ ਤੇ ਇਸ ਵਿਚ ਧੱਕੇ ਨਾਲ ਹੋਰ ਕਮੀ ਨਹੀਂ ਕੀਤੀ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਭਾਰਤ ਵਿਚ ਮਹਿੰਗਾਈ ਪੈਟਰੋਲ ਤੇ ਡੀਜ਼ਲ ਦੀਆਂ ਵੱਧ ਕੀਮਤਾਂ ਤੇ ਸਬਜ਼ੀਆਂ ਦੀ ਵੱਧ ਕੀਮਤ ਕਾਰਨ ਹੈ ਤੇ ਇਹ ਦੋਵੇਂ ਮਸਲੇ ਫੌਰੀ ਹੱਲ ਕੀਤੇ ਜਾਣੇ ਚਾਹੀਦੇ ਹਨ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿਚ ਖੁੱਲ੍ਹੀ ਮੰਡੀ ਵਿਚ ਝੋਨੇ ਦੀ ਕੀਮਤ ਜਾਣ ਬੁੱਝ ਕੇ ਘਟਾਈ ਜਾ ਰਹੀ ਹੈ ਜਦੋਂ ਕਿ ਕੇਂਦਰ ਸਰਕਾਰ ਨੇ ਇਸ ਸਾਲ ਦੇ ਅੰਤ ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਭਰੋਸਾ ਦਿੱਤਾ ਹੋਇਆ ਹੈ।

ਬਾਦਲ ਨੇ ਕਿਹਾ ਕਿ ਚੌਲਾਂ ਦੀ ਮੰਗ ਵਿਚ ਗਿਰਾਵਟ ਨਾਲ ਸਾਰੇ ਅਰਥਚਾਰੇ ’ਤੇ ਨਾਂਹ ਪੱਖੀ ਅਸਰ ਪਵੇਗਾ। ਉਹਨਾਂ ਕਿਹਾ ਕਿ ਕਿਸਾਨ ਅਤੇ ਖੇਤ ਮਜ਼ਦੂਰ ਸਭ ਤੋਂ ਵੱਧ ਸ਼ਿਕਾਰ ਹੋਣਗੇ ਹਾਲਾਂਕਿ ਅਰਥਚਾਰਾ ਖੇਤੀਬਾੜੀ ਸੈਕਟਰ ਵਿਚ ਨਾਂਹ ਪੱਖੀ ਵਿਕਾਸ ਦੀ ਮਾਰ ਝੱਲ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਖੇਤੀਬਾੜੀ ਅਰਥਚਾਰਾ ਪਹਿਲਾਂ ਹੀ ਸੰਕਟ ਵਿਚ ਹੈ ਤੇ ਮੀਂਹ ਤੇ ਹੜ੍ਹਾਂ ਨੇ ਝੋਨੇ ਤੇ ਨਰਮਾ ਦੋਵੇਂ ਫਸਲਾਂ ਰੋੜ ਦਿੱਤੀਆਂ ਹਨ।