ਸੁਖਬੀਰ ਨੇ ਕੈਪਟਨ ਤੋਂ ਮੰਗਿਆ ਸੱਚੇ ਸਿੱਖ ਹੋਣ ਦਾ 'ਸਰਟੀਫਿਕੇਟ'
ਏਬੀਪੀ ਸਾਂਝਾ | 10 May 2019 02:27 PM (IST)
ਕੈਪਟਨ 'ਤੇ ਨਿਸ਼ਾਨੇ ਸਾਧਦਿਆਂ ਸੁਖਬੀਰ ਨੇ ਕਿਹਾ ਕਿ ਜੇ ਕੈਪਟਨ ਆਪਣੇ-ਆਪ ਨੂੰ ਸੱਚੇ ਸਿੱਖ ਸਮਝਦੇ ਹਨ ਤਾਂ ਉਹ ਗਾਂਧੀ ਪਰਿਵਾਰ ਖ਼ਿਲਾਫ਼ ਬੋਲਣ ਦੀ ਹਿੰਮਤ ਰੱਖਣ ਤੇ ਉਨ੍ਹਾਂ ਦੀ ਚਮਚੀ ਮਾਰਨੋਂ ਹਟਣ।
ਲੰਬੀ: ਸੁਖਬੀਰ ਬਾਦਲ ਅੱਜ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਹਲਕਾ ਲੰਬੀ ਦੇ ਪਿੰਡਾਂ ਵਿੱਚ ਪਹੁੰਚੇ। ਇਸ ਦੌਰਾਨ ਪਿੰਡ ਬੁਰਜ ਸਿੱਧਵਾਂ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸੱਚੇ ਸਿੱਖ ਹੋਣ ਦਾ 'ਸਰਟੀਫਿਕੇਟ' ਮੰਗਿਆ। ਕੈਪਟਨ 'ਤੇ ਨਿਸ਼ਾਨੇ ਸਾਧਦਿਆਂ ਸੁਖਬੀਰ ਨੇ ਕਿਹਾ ਕਿ ਜੇ ਕੈਪਟਨ ਆਪਣੇ-ਆਪ ਨੂੰ ਸੱਚੇ ਸਿੱਖ ਸਮਝਦੇ ਹਨ ਤਾਂ ਉਹ ਗਾਂਧੀ ਪਰਿਵਾਰ ਖ਼ਿਲਾਫ਼ ਬੋਲਣ ਦੀ ਹਿੰਮਤ ਰੱਖਣ ਤੇ ਉਨ੍ਹਾਂ ਦੀ ਚਮਚੀ ਮਾਰਨੋਂ ਹਟਣ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਸਭ ਝੂਠੇ ਵਾਅਦੇ ਕੀਤੇ ਹਨ ਤੇ ਝੂਠੀਆਂ ਸਹੁੰਆਂ ਖਾਧੀਆਂ ਹਨ। ਹੁਣ ਸਭ ਕੁਝ ਸਾਹਮਣੇ ਆ ਗਿਆ ਹੈ। ਇਸ ਲਈ ਉਨ੍ਹਾਂ ਵਿੱਚ ਹੁਣ ਲੋਕਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ। ਇਸੇ ਦੌਰਾਨ ਸਿੱਖ ਕਤਲੇਆਮ ਬਾਰੇ ਬਾਦਲ ਨੇ ਆਖਿਆ ਕਿ ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਦਾ ਲੱਕ ਤੋੜਿਆ ਹੈ। ਉਨ੍ਹਾਂ ਸਰਾਵਾਂ ਜ਼ੈਲ ਦੇ ਕਰੀਬ ਡੇਢ ਦਰਜਨ ਪਿੰਡਾਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਡੱਟ ਕੇ ਅਕਾਲੀ ਦਲ ਨਾਲ ਖੜਨ ਦੀ ਅਪੀਲ ਕੀਤੀ।