ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਾਂਗਰਸ ਉਪਰ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸੀ ਹਾਲਾਤ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ। ਇੱਕ ਪਾਸੇ ਅਕਾਲੀ ਦਲ ਤੇ ਬੀਜੇਪੀ ਜੋ ਪੰਜਾਬ ਵਿੱਚ ਅਮਨ ਸ਼ਾਂਤੀ ਚਾਹੁੰਦੇ ਹਨ ਤੇ ਦੂਜੇ ਪਾਸੇ ਕਾਂਗਰਸ ਜੋ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦੀ ਹੈ।

ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਗਾਇਬ ਹਨ। ਇਹ ਪਤਾ ਕਰੋ ਕਿ ਮੁੱਖ ਮੰਤਰੀ ਹੈ ਕਿੱਥੇ ? ਪੰਜਾਬ ਵਿੱਚ ਜਨਤਾ ਚਾਰੇ ਪਾਸੇ ਰੁਲ ਰਹੀ ਹੈ। ਕਿਸਾਨ ਮੰਡੀਆਂ ਵਿੱਚ ਰੁਲ਼ ਰਿਹਾ ਹੈ ਪਰ ਮੁੱਖ ਮੰਤਰੀ ਦਾ ਕੋਈ ਥਾਹ ਪਤਾ ਨਹੀਂ।

ਸੁਖਬੀਰ ਬਾਦਲ ਦੇ ਨਿਸ਼ਾਨੇ 'ਤੇ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੀ ਰਹੇ। ਉਨ੍ਹਾਂ ਕਿਹਾ ਕਿ ਸਿਲੇਬਸ ਕਮੇਟੀ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਸੋਨੀ ਨੇ ਉਨ੍ਹਾਂ ਕੋਲੋਂ ਧੱਕੇ ਨਾਲ ਇਤਿਹਾਸ ਦੀਆਂ ਕਿਤਾਬਾਂ ਛਪਵਾਈਆਂ ਹਨ। ਮੁੱਖ ਮੰਤਰੀ ਸਾਰੇ ਮਾਮਲੇ 'ਤੇ ਚੁੱਪ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਮੁੱਦੇ ਨਾਲ ਇਹ ਗੱਲ ਸਾਫ ਹੋ ਗਈ ਹੈ ਕਿ ਜਿਸ ਤਰ੍ਹਾਂ ਮੁਗ਼ਲ ਸੋਚਦੇ ਸੀ, ਉਸੇ ਤਰ੍ਹਾਂ ਕਾਂਗਰਸੀ ਸੋਚਦੇ ਹਨ।

ਸੁਖਬੀਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੇ ਮੁੱਦੇ 'ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਾਣਬੁੱਝ ਕੇ ਝੋਨਾ ਦੇਰੀ ਨਾਲ ਲਵਾਉਣ ਦੇ ਹੁਕਮ ਦਿੱਤੇ ਤਾਂ ਕਿ ਅਕਾਲੀ ਸਰਕਾਰ ਵੱਲੋਂ ਸਰਪਲੱਸ ਕੀਤੀ ਗਈ ਬਿਜਲੀ ਇਹ ਬਾਹਰਲੇ ਸੂਬਿਆਂ ਨੂੰ ਵੇਚ ਸਕੇ ਤੇ ਮੁਨਾਫਾ ਖੱਟ ਸਕੇ ਤੇ ਕਿਸਾਨਾਂ ਨੂੰ ਮੁਫਤ ਨਾ ਦੇਣੀ ਪਵੇ।