ਚੰਡੀਗੜ੍ਹ: ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਟਕਸਾਲੀ ਲੀਡਰਾਂ ਦੀ ਇੱਜ਼ਤ ਭੁੱਲ ਗਈ ਹੈ। ਹੁਣ ਤੱਕ ਸੁਖਬੀਰ ਬਾਦਲ ਕਹਿੰਦੇ ਸੀ ਕਿ ਟਕਸਾਲੀ ਉਨ੍ਹਾਂ ਲਈ ਸਨਮਾਨਯੋਗ ਹਨ। ਬਾਗੀ ਟਕਸਾਲੀਆਂ ਵੱਲੋਂ ਵੱਖਰੀ ਪਾਰਟੀ ਬਣਾਉਣ ਮਗਰੋਂ ਸੁਖਬੀਰ ਬਾਦਲ ਉਨ੍ਹਾਂ ਖਿਲਾਫ ਖੁੱਲ੍ਹ ਕੇ ਬੋਲਣ ਲੱਗੇ ਹਨ। ਅੱਜ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਸਵੇਰ ਤੋਂ ਸ਼ਾਮ ਤੱਕ ਝੂਠ ਬੋਲਦੇ ਹਨ।
ਇਸ ਮੌਕੇ ਬਿਕਰਮ ਮਜੀਠੀਆ ਵੀ ਪਿੱਛੇ ਨਾ ਰਹੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਚਾਹੇ ਰਣਜੀਤ ਸਿੰਘ ਬ੍ਰਹਮਪੁਰਾ ਹਨ ਪਰ ਚੱਲ ਸਭ ਕੁਝ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਇਸ਼ਾਰੇ 'ਤੇ ਹੀ ਹੈ। ਹੁਣ ਤੱਕ ਮੱਠੀ ਸੁਰ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਬੁੱਧਵਾਰ ਨੂੰ ਕਿਹਾ ਸੀ ਕਿ ਜੋ ਪਾਰਟੀ ਨਾਲ ਗੱਦਾਰੀ ਕਰਦਾ ਹੈ, ਉਸ ਦਾ ਕੁਝ ਨਹੀਂ ਬਣਦਾ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਲਜ਼ਾਮ ਲਾਏ ਸੀ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਲੀਡਰ ਕਾਂਗਰਸ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ। ਇਸ ਮਗਰੋਂ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਆਪਣੇ ਪਰਿਵਾਰ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਆਉਣ ਤੇ ਉਹ ਵੀ ਆਪਣੇ ਪਰਿਵਾਰ ਨਾਲ ਆਉਣਗੇ, ਫਿਰ ਆਪੇ ਪਤਾ ਲੱਗ ਜਾਏਗਾ ਕੌਣ ਸੱਚਾ ਕੇ ਕੌਣ ਝੂਠਾ ਹੈ।