ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਚੈਲੰਜ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾਂ ਵੇਲੇ ਕਾਂਗਰਸ ਨੇ ਅਕਾਲੀਆਂ 'ਤੇ ਨਸ਼ਾ ਵੇਚਣ ਦੇ ਇੰਨੇ ਇਲਜ਼ਾਮ ਲਾਏ ਪਰ ਉਨ੍ਹਾਂ ਨੂੰ ਸੱਤਾ ’ਚ ਆਇਆਂ ਦੋ ਸਾਲ ਹੋ ਗਏ ਹਨ ਤੇ ਇਨ੍ਹਾਂ ਦੋ ਸਾਲਾਂ ਦੌਰਾਨ ਕਿਸੇ ਵੀ ਅਜਿਹੇ ਬੰਦੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਸੁਖਬੀਰ ਨੇ ਕਿਹਾ ਕਿ ਦੋ ਸਾਲ ਤੋਂ ਕੈਪਟਨ ਅਮਰਿੰਦਰ ਮੁੱਖ ਮੰਤਰੀ ਹਨ, ਪੁਲਿਸ ਤੇ ਪ੍ਰਸ਼ਾਸਨ ਵੀ ਉਨ੍ਹਾਂ ਦਾ ਹੈ ਪਰ ਹਾਲੇ ਤਕ ਉਨ੍ਹਾਂ ਨਸ਼ਿਆਂ ਦੀ ਤਸਕਰੀ ਨਾਲ ਸਬੰਧਤ ਕੋਈ ਅਕਾਲੀ ਗ੍ਰਿਫਤਾਰ ਨਹੀਂ ਕੀਤਾ। ਉਨ੍ਹਾਂ ਮੁੱਖ ਮੰਤਰੀ ’ਤੇ ਇਲਜ਼ਾਮ ਲਾਇਆ ਕਿ ਉਹ ਐਂਵੇਂ ਰੌਲ਼ਾ ਪਾਉਂਦੇ ਹਨ।

ਸੁਖਬੀਰ ਬਾਦਲ ਨੇ ਮੰਚ ਤੋਂ ਕਿਹਾ ਕਿ ਕੈਪਟਨ ਤਾਂ ਲੋਕਾਂ ਨੂੰ ਮਿਲਦੇ ਵੀ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਉਹ ਡਿਪਟੀ ਸੀਐਮ ਸੀ ਤਾਂ ਜਿਹੜਾ ਡੀਐਸਪੀ ਉਨ੍ਹਾਂ ਦੀ ਸਿਕਿਉਰਿਟੀ ਵਿੱਚ ਹੁੰਦਾ ਸੀ, ਉਹੀ ਹੁਣ ਕੈਪਟਨ ਅਮਰਿੰਦਰ ਦੀ ਸਿਕਿਉਰਿਟੀ ਵਿੱਚ ਹੈ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਉਸ ਡੀਐਸਪੀ ਨਾਲ ਮੁਲਾਕਾਤ ਹੋਈ ਸੀ। ਡੀਐਸਪੀ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਮੁੱਖ ਮੰਤਰੀ ਨੇ ਕਿਸੇ ਨਾਲ ਮੁਲਾਕਾਤ ਹੀ ਨਹੀਂ ਕੀਤੀ।

ਕਿਸਾਨਾਂ ਦੇ ਬਹਾਨੇ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ 'ਤੇ ਕਈ ਹਮਲੇ ਕੀਤੇ। ਨਸ਼ਿਆਂ ਦੇ ਮੁੱਦੇ ਤੋਂ ਬਾਅਦ ਉਨ੍ਹਾਂ ਬੇਅਦਬੀ ਵਾਲਾ ਮੁੱਦਾ ਚੁੱਕਦਿਆਂ ਕਿਹਾ ਕਿ ਇਹ ਅਕਾਲੀ ਦਲ ਦੀ ਸੋਚ ਨਹੀਂ। ਅਕਾਲੀ ਦਲ ਕਦੇ ਇਵੇਂ ਸੋਚ ਵੀ ਨਹੀਂ ਸਕਦਾ ਕਿਉਂਕਿ ਅਕਾਲੀ ਦਲ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ।