ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਸਭ ਤੋਂ ਵੱਡਾ ਅੜਿੱਕਾ ਕੇਜਰੀਵਾਲ ਹੈ। ਇਸ ਸਬੰਧੀ ਸੱਤ ਮਹੀਨੇ ਤੋਂ ਫਾਈਲ ਕੇਜਰੀਵਾਲ ਕੋਲ ਪਈ ਹੈ। ਇਸ ਦੇ ਬਾਵਜੂਦ ਕੇਜਰੀਵਾਲ ਪੰਜਾਬ ਹਿਤੈਸ਼ੀ ਹੋਣ ਦਾ ਢੌਂਗ ਰਚ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਸੂਬੇ ਦੇ ਪੰਜ ਸਾਲ ਭ੍ਰਿਸ਼ਟਾਚਾਰ ਕਰਕੇ ਬਰਬਾਦ ਕਰ ਦਿੱਤੇ ਤੇ ਸੂਬੇ ਦਾ ਵਿਕਾਸ ਵੀ ਨਹੀਂ ਕੀਤਾ। ਹੁਣ ਆਮ ਆਦਮੀ ਪਾਰਟੀ ‘ਆਪ’ ਸਰਕਾਰ ਪੰਜ ਸਾਲ ਹੋਰ ਬਰਬਾਦ ਕਰ ਦੇਵੇਗੀ ਕਿਉਂਕਿ ਪੰਜਾਬ ਵਿੱਚ ਕੇਜਰੀਵਾਲ ਦਾ ਹੀ ਏਜੰਡਾ ਚੱਲਦਾ ਹੈ ਤੇ ਪੰਜਾਬ ਦੇ ਡੀਸੀ, ਐਸਐਸਪੀ ਸਿੱਧੇ ਕੇਜਰੀਵਾਲ ਨੂੰ ਰਿਪੋਰਟ ਕਰਦੇ ਹਨ।

ਉਨ੍ਹਾਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਉਹ ਸਿਮਰਨਜੀਤ ਸਿੰਘ ਮਾਨ ਕੋਲ ਗਏ ਸਨ ਤੇ ਅਪੀਲ ਕੀਤੀ ਸੀ ਕਿ ਇੱਕ ਵਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਚੋਣ ਨਾ ਲੜਨ ਤੇ ਬੀਬੀ ਕਮਲਦੀਪ ਕੌਰ ਨੂੰ ਬੰਦੀ ਪਰਿਵਾਰਾਂ ਵੱਲੋਂ ਸਾਂਝਾ ਉਮੀਦਵਾਰ ਐਲਾਨਦੇ ਹਾਂ ਪਰ ਉਹ ਨਹੀਂ ਮੰਨੇ।

ਉਨ੍ਹਾਂ ਕਿਹਾ ਕਿ ਬੀਬੀ ਕਮਲਦੀਪ ਕੌਰ ਦੀ ਜਿੱਤ ਨਾਲ ਕੇਂਦਰ ਨੂੰ ਸਿੱਧਾ ਸੁਨੇਹਾ ਜਾਊ ਕਿ ਪੰਜਾਬ ਦੇ ਲੋਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਮੁੱਠ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਵਿੱਚ ਸਭ ਤੋਂ ਵੱਡਾ ਅੜਿੱਕਾ ਕੇਜਰੀਵਾਲ ਹੈ। ਇਸ ਸਬੰਧੀ ਸੱਤ ਮਹੀਨੇ ਤੋਂ ਫਾਈਲ ਕੇਜਰੀਵਾਲ ਕੋਲ ਪਈ ਹੈ। ਇਸ ਦੇ ਬਾਵਜੂਦ ਕੇਜਰੀਵਾਲ ਪੰਜਾਬ ਹਿਤੈਸ਼ੀ ਹੋਣ ਦਾ ਢੌਂਗ ਰਚ ਰਿਹਾ ਹੈ।

ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮੱਤਭੇਦ ਭੁਲਾ ਕੇ ਪਿਛਲੇ ਦੋ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਮੁਹੱਈਆ ਕਰਵਾਉਣ। ਉਨ੍ਹਾ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਸਖ਼ਤ ਸਟੈਂਡ ਲੈ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਲਾਉਣ ਤੋਂ ਰੋਕਿਆ। ਅਕਾਲੀ ਦਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ਵੀ ਯਕੀਨੀ ਬਣਾਈ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਨੂੰ ਸਿਰਫ ਉਨ੍ਹਾਂ ਦੇ ਪਿਤਾ ਦੇ ਸਸਕਾਰ ਮੌਕੇ ਕੁਝ ਘੰਟਿਆਂ ਦੀ ਪੈਰੋਲ ਦਿੱਤੀ ਗਈ ਤੇ 28 ਸਾਲਾਂ ਤੋਂ ਕੋਈ ਪੈਰੋਲ ਨਹੀਂ ਦਿੱਤੀ ਗਈ।