ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਰੋਹਾਂ ਦੀ ਲੜੀ ਦੀ ਸ਼ੁਰੂਆਤ ਹੋ ਗਈ ਹੈ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਸਮਾਗਮ ਕਰਵਾਏ ਗਏ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਐਲਾਨਾਂ 'ਤੇ ਆਪਣੀ ਮੋਹਰ ਲਾਉਂਦਿਆਂ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਕੌਮ ਦੇ ਵੱਡੇ ਮਸਲੇ ਉਠਾਏ ਹਨ। ਉਨ੍ਹਾਂ ਨੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਕੀਤੇ ਐਲਾਨਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ।
ਸੁਖਬੀਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੱਸਿਆ ਹੈ ਕਿ 550ਵੇਂ ਪ੍ਰਕਾਸ਼ ਪੁਰਬ ਸਬੰਧੀ ਰੂਪ-ਰੇਖਾ ਉਲੀਕੀ ਜਾ ਰਹੀ ਹੈ। ਇਸ ਸਬੰਧੀ ਕਈ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਇਹ ਦਾ ਸਾਰਾ ਖਰਚਾ ਕੇਂਦਰ ਸਰਕਾਰ ਚੁੱਕੇਗੀ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਹੈਰੀਟੇਜ਼ ਸਿਟੀ ਦਾ ਦਰਜਾ ਦਿੱਤਾ ਹੈ। ਇਸ ਦਾ ਵੀ ਸਾਰਾ ਖਰਚਾ ਕੇਂਦਰ ਸਰਕਾਰ ਦੇਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 100 ਏਕੜ ਵਿੱਚ ਇੱਕ ਪਿੰਡ ਬਣਾਇਆ ਜਾਏਗਾ। ਉਸ ਪਿੰਡ ਵਿੱਚ ਸੈਲਾਨੀਆ ਨੂੰ ਗੁਰੂ ਸਾਹਿਬ ਦੇ ਸਾਰੇ ਜੀਵਨ ਬਾਰੇ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਗੁਰੂ ਸਾਹਿਬ ਗਏ ਸੀ, ਉੱਥੇ ਸੁਲਤਾਨਪੁਰ ਲੋਧੀ ਤੱਕ ਟ੍ਰੇਨ ਚਲਾਈ ਜਾਏਗੀ। ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੰਟਰਫੇਸ ਸਟੱਡੀ ਸੈਂਟਰ ਖੋਲ੍ਹਿਆ ਜਾਏਗਾ।
ਇਸ ਤੋਂ ਇਲਾਵਾ ਗੁਰਬਾਣੀ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਏਗਾ। ਸੁਖਬੀਰ ਨੇ ਦਾਅਵਾ ਕੀਤਾ ਕਿ 1984 ਕਤਲੇਆਮ ਮਾਮਲੇ ਸਬੰਧੀ 2015 ਵਿੱਚ ਉਨ੍ਹਾਂ ਹੀ ਐਸਆਈਟੀ ਬਣਾਈ ਸੀ। ਇਸ ਲਈ ਹੀ ਹੁਣ ਇਨਸਾਫ ਮਿਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵੀ ਸਲਾਖਾਂ ਪਿੱਛੇ ਹੋਣਗੇ।