ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਬੀਜੇਪੀ ਨੂੰ ਅੱਖਾਂ ਵਿਖਾਉਣਾ ਤੇ ਮਗਰੋਂ ਸੁਖਬੀਰ ਬਾਦਲ ਵੱਲੋਂ ਦਿੱਲੀ ਪਹੁੰਚ ਭਗਵਾਂ ਪਾਰਟੀ ਨਾਲ ਅੱਖਾਂ ਲਾਉਣਾ ਵੱਡੀ ਸਿਰਸਦਰਦੀ ਬਣ ਗਿਆ ਹੈ। ਜਿੱਥੇ ਪਾਰਟੀ ਅੰਦਰ ਇਸ ਮਾਮਲੇ ਨੂੰ ਲੈ ਕੇ ਹਿੱਲਜੁੱਲ ਹੋ ਰਹੀ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਜੱਥੇ ਵੀ ਮੌਕਾ ਮਿਲੇ ਅਕਾਲੀ ਦਲ ਨੂੰ ਤਾਹਨੇ-ਮਿਹਣੇ ਮਾਰ ਰਹੀਆਂ ਹਨ।
ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਪੁੱਜੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਤਾਂ ਸਿੱਧਾ ਕਹਿ ਦਿੱਤਾ ਹੈ ਕਿ ਬਾਦਲਾਂ ਨੇ ਹਰਸਿਮਰਤ ਦੀ ਕੁਰਸੀ ਬਚਾਉਣ ਲਈ ਆਪਣੀ ਜ਼ਮੀਰ ਬੀਜੇਪੀ ਕੋਲ ਜਾ ਰੱਖੀ ਹੈ। ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਆਪਣੇ ਸਿਆਸੀ ਮੁਫ਼ਾਦਾਂ ਖਾਤਰ ਅਕਾਲੀ ਦਲ ਨੇ ਸੰਵਿਧਾਨਕ ਨੈਤਿਕਤਾ ਵੀ ਛਿੱਕੇ ਟੰਗ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਦਿੱਲੀ ਚੋਣਾਂ ਵਿੱਚ ਪਾਰਟੀ ਭਾਜਪਾ ਦੇ ਹੱਕ ਵਿੱਚ ਜ਼ੋਰ ਲਾਏਗੀ। ਇਸ ਤੋਂ ਹੈਰਾਨ ਹੁੰਦਿਆਂ ਕੈਪਟਨ ਨੇ ਕਿਹਾ ਕਿ ਅਕਾਲੀਆਂ ਦੇ ਵਾਰ-ਵਾਰ ਸਟੈਂਡ ਬਦਲਣ ਨਾਲ ਗੈਰ-ਸੰਵਿਧਾਨਕ ਤੇ ਫੁੱਟਪਾਊ ਨਾਗਰਿਕਤਾ ਸੋਧ ਐਕਟ (ਸੀਏਏ) ’ਤੇ ਇਨ੍ਹਾਂ ਦੇ ਝੂਠਾਂ ਦਾ ਪਰਦਾਫਾਸ਼ ਹੋਇਆ ਹੈ।
ਸੁਖਬੀਰ ਵੱਲੋਂ ਯੂ-ਟਰਨ ਲੈਣ ਮੌਕੇ ਇਹ ਸਫਾਈ ਦੇਣੀ ਕਿ ਦੋਵਾਂ ਪਾਰਟੀਆਂ ਦਰਮਿਆਨ ਗ਼ਲਤਫਹਿਮੀਆਂ ਨੂੰ ਦੂਰ ਕਰ ਲਿਆ ਹੈ, ਦਾ ਹਵਾਲਾ ਦਿੰਦਿਆਂ ਕੈਪਟਨ ਨੇ ਮੰਗ ਕੀਤੀ ਕਿ ਕੀ ਭਾਜਪਾ, ਅਕਾਲੀ ਦਲ ਦੇ ਪਹਿਲੇ ਸਟੈਂਡ ਦੀ ਲੀਹ ’ਤੇ ਸੀਏਏ ਵਿੱਚ ਸੋਧ ਕਰਨ ਲਈ ਸਹਿਮਤ ਹੋ ਗਈ ਹੈ ਜਾਂ ਅਕਾਲੀਆਂ ਨੇ ਕੌਮੀ ਹਿੱਤਾਂ ਨੂੰ ਦਾਅ ’ਤੇ ਲਾ ਕੇ ਇਕ ਵਾਰ ਫਿਰ ਭਾਜਪਾ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ, ‘ਤੁਸੀਂ ਲੋਕਾਂ ਨੂੰ ਜਵਾਬਦੇਹ ਹੋ।’ ਉਨ੍ਹਾਂ ਕਿਹਾ ਕਿ ਸੰਸਦ ਵਿੱਚ ਅਕਾਲੀ ਦਲ ਵੱਲੋਂ ਸੀਏਏ ਦੇ ਹੱਕ ਵਿੱਚ ਨਿੱਤਰਨ ਨਾਲ ਇਨ੍ਹਾਂ ਦਾ ਅਸਲ ਚਿਹਰਾ ਨੰਗਾ ਹੋ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਚੋਣਾਂ ਤੋਂ ਮਹਿਜ਼ ਇੱਕ ਹਫ਼ਤਾ ਪਹਿਲਾਂ ਭਾਜਪਾ ਨੂੰ ਹਮਾਇਤ ਦੇਣ ਦੇ ਪਹਿਲੇ ਸਟੈਂਡ ਤੋਂ ਪਿੱਛੇ ਹਟਣ ਦਾ ਫੈਸਲਾ ਸਿੱਧ ਕਰਦਾ ਹੈ ਕਿ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਅਕਾਲੀ ਦਲ ਨੇ ਸੀਏਏ ਨੂੰ ਕਥਿਤ ਸੌਦੇਬਾਜ਼ੀ ਵਜੋਂ ਵਰਤਿਆ ਹੈ। ਇਸ ਕਦਮ ਨੇ ਅਕਾਲੀਆਂ ਦੀ ਖੁਦਗਰਜ਼ੀ ਤੇ ਕੇਂਦਰ ਵਿੱਚ ਸੱਤਾਧਾਰੀ ਗੱਠਜੋੜ ਦਾ ਹਿੱਸਾ ਬਣ ਕੇ ਕੁਰਸੀ ਨਾਲ ਚਿੰਬੜੇ ਰਹਿਣ ਲਈ ਬਾਦਲ ਪਰਿਵਾਰ ਦੀ ਲਾਲਸਾ ਜੱਗ-ਜ਼ਾਹਿਰ ਕਰ ਦਿੱਤੀ ਹੈ।
ਕੈਪਟਨ ਨੇ ਕਿਹਾ ਕਿ ਇਸ ਮੁੱਦੇ ਦੇ ਸ਼ਰਮਨਾਕ ਤੱਥ ਦਰਸਾਉਂਦੇ ਹਨ ਕਿ ਬਾਦਲਾਂ ਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਇਕ ਸਿਧਾਂਤਕ ਪਾਰਟੀ ਹੋਣ ਦਾ ਦਿਖਾਵਾ ਛੱਡਣ ਦੀ ਵੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦਾ ਗਠਨ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਕੀਤਾ ਗਿਆ ਹੋਵੇ, ਉਸ ਨੂੰ ਨਾ ਤਾਂ ਸਿਆਸੀ ਨੈਤਿਕਤਾ ਦੀ ਪ੍ਰਵਾਹ ਹੈ ਤੇ ਨਾ ਹੀ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਫਲਸਫੇ, ਜੋ ਸਭ ਧਰਮਾਂ ਤੋਂ ਉਪਰ ਉਠ ਕੇ ਮਨੁੱਖੀ ਏਕਤਾ ਦਾ ਸੰਦੇਸ਼ ਦਿੰਦਾ ਹੈ, ਉੱਤੇ ਚੱਲਣ ਦਾ ਫਿਕਰ ਪ੍ਰਤੀਤ ਹੁੰਦਾ ਹੈ।
ਪਹਿਲਾਂ ਅੱਖਾਂ ਵਿਖਾਈਆਂ, ਫਿਰ ਦਿੱਲੀ ਜਾ ਅੱਖਾਂ ਮਿਲਾਈਆਂ, ਆਖਰ ਫਸ ਗਏ ਸੁਖਬੀਰ ਬਾਦਲ!
ਏਬੀਪੀ ਸਾਂਝਾ
Updated at:
31 Jan 2020 05:52 PM (IST)
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਬੀਜੇਪੀ ਨੂੰ ਅੱਖਾਂ ਵਿਖਾਉਣਾ ਤੇ ਮਗਰੋਂ ਸੁਖਬੀਰ ਬਾਦਲ ਵੱਲੋਂ ਦਿੱਲੀ ਪਹੁੰਚ ਭਗਵਾਂ ਪਾਰਟੀ ਨਾਲ ਅੱਖਾਂ ਲਾਉਣਾ ਵੱਡੀ ਸਿਰਸਦਰਦੀ ਬਣ ਗਿਆ ਹੈ। ਜਿੱਥੇ ਪਾਰਟੀ ਅੰਦਰ ਇਸ ਮਾਮਲੇ ਨੂੰ ਲੈ ਕੇ ਹਿੱਲਜੁੱਲ ਹੋ ਰਹੀ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਜੱਥੇ ਵੀ ਮੌਕਾ ਮਿਲੇ ਅਕਾਲੀ ਦਲ ਨੂੰ ਤਾਹਨੇ-ਮਿਹਣੇ ਮਾਰ ਰਹੀਆਂ ਹਨ।
- - - - - - - - - Advertisement - - - - - - - - -