Punjab News: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਥਕ ਧਿਰਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਕਾਲ ਪੁਰਖ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਤੇ ਸਮੁੱਚੇ ਪੰਥ ਨੂੰ ਵਧਾਈ ਦਿੰਦਾ ਹਾਂ ਕਿ ਪੰਥਕ ਏਕਤਾ ਦੀ ਸ਼ੁਰੂਆਤ ਦਾ ਬਿਗਲ ਵੱਜ ਗਿਆ ਹੈ। ਮੈਂ ਹਰ ਪੰਥ ਦਰਦੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਥ ਦੁਸਮਣਾਂ ਤੇ ਉਨ੍ਹਾਂ ਦੇ ਪੈਰਾਂ 'ਚ ਬੈਠ ਕੇ ਪੰਥ ਨੂੰ ਨੁਕਸਾਨ ਦੀਆਂ ਸਾਜ਼ਿਸ਼ਾਂ ਕਰ ਰਹੇ ਗ਼ੱਦਾਰਾਂ ਨੂੰ ਸਬਕ ਸਿਖਾਉਣ ਲਈ ਇਕਮੁੱਠ ਹੋ ਜਾਣ।


 





ਸੁਖਬੀਰ ਬਾਦਲ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਪੰਥਕ ਪਰੰਪਰਾਵਾਂ, ਪੰਥਕ ਕਦਰਾਂ ਕੀਮਤਾਂ ਤੇ ਜਜ਼ਬੇ ਨੂੰ ਪ੍ਰਚੰਡ ਕਰਨ ਲਈ ਪੰਥਕ ਏਕਤਾ ਸਭ ਤੋਂ ਵੱਡੀ ਲੋੜ ਹੈ। ਇਸ ਵਕਤ ਪੰਥ ਨੂੰ ਅੰਦਰੋਂ ਢਾਹ ਲਾਉਣ ਲਈ ਦੇਸ਼ ਅੰਦਰ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਤੇ ਪੰਥਕ ਮਖੌਟੇ ਪਹਿਨ ਕੇ ਕੌਮ ਨੂੰ ਅੰਦਰੋਂ ਢਾਹ ਲਾਉਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਅੱਜ ਦਾ ਦਿਨ ਇਤਿਹਾਸਕ ਸ਼ੁਰੂਆਤ ਹੈ।






 

ਦੱਸ ਦਈਏ ਕਿ ਬਦਲੇ ਹਾਲਤ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਪਣੀ ਰਣਨੀਤੀ ਬਦਲ ਲਈ ਹੈ। ਹੁਣ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੰਥਕ ਦਲਾਂ ਨੂੰ ਇੱਕਜੁੱਟ ਕਰਨ ਦੀ ਕਵਾਇਦ ਵਿੱਢ ਦਿੱਤੀ ਹੈ। ਇਸ ਤਹਿਤ ਹੀ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਮੁਖੀ ਪਰਮਜੀਤ ਸਿੰਘ ਸਰਨਾ ਨਾਲ ਹੱਥ ਮਿਲਾਇਆ ਹੈ। ਅਹਿਮ ਗੱਲ ਹੈ ਕਿ ਸਿੱਖ ਰਾਜਨੀਤੀ ਵਿੱਚ ਲਗਪਗ 20 ਸਾਲ ਸਰਨਾ ਨੇ ਬਾਦਲ ਪਰਿਵਾਰ ਨੂੰ ਚੁਣੌਤੀ ਦਿੱਤੀ ਹੈ। ਹੁਣ ਸੁਖਬੀਰ ਬਾਦਲ ਨੇ ਸਰਨਾ ਨੂੰ ਆਪਣੇ ਨਾਲ ਰਲਾਉਂਦਿਆਂ ਦਿੱਲੀ ਇਕਾਈ ਦਾ ਪ੍ਰਧਾਨ ਬਣਾ ਦਿੱਤਾ ਹੈ।

ਪਰਮਜੀਤ ਸਿੰਘ ਸਰਨਾ ਦੇ ਪੰਜਾਬੀ ਬਾਗ ਸਥਿਤ ਘਰ ਵਿੱਚ ਐਤਵਾਰ ਨੂੰ ਹੋਈ ਪੰਥਕ ਇੱਕਤਰਤਾ ’ਚ ਸੁਖਬੀਰ ਬਾਦਲ ਵੱਲੋਂ ਦੋਵੇਂ ਧੜਿਆਂ ਵਿਚਾਲੇ ਇੱਕਜੁਟਤਾ ਪ੍ਰਗਟ ਕੀਤੀ ਗਈ ਤੇ ਸਰਨਾ ਨੂੰ ਸਿਰੋਪਾ ਦੇ ਕੇ ਦਿੱਲੀ ਇਕਾਈ ਦਾ ਪ੍ਰਧਾਨ ਐਲਾਨ ਦਿੱਤਾ। ਇਹ ਅਹੁਦਾ ਅਵਤਾਰ ਸਿੰਘ ਹਿੱਤ ਦੇ ਦੇਹਾਂਤ ਮਗਰੋਂ ਖਾਲੀ ਪਿਆ ਸੀ।