ਚੰਡੀਗੜ੍ਹ: ਕਰਤਾਰਪੁਰ ਲਾਂਘੇ ਦਾ ਕੰਮ ਮੰਦੀ ਰਫ਼ਤਾਰ ਚੱਲਣ 'ਤੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ 'ਤੇ ਇਲਜ਼ਾਮ ਲਾਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਲੀਡਰ ਕਰਤਾਰਪੁਰ ਲਾਂਘਾ ਉਸਾਰਨ ਵਾਲੇ ਠੇਕੇਦਾਰਾਂ ਤੋਂ ਰੇਤਾ ਬਜਰੀ 'ਤੇ ਗੁੰਡਾ ਟੈਕਸ ਵਸੂਲ ਰਹੇ ਹਨ, ਜਿਸ ਕਰਕੇ ਕੰਮ ਰੁਕ ਗਿਆ ਹੈ।


ਬਾਦਲ ਨੇ ਕਿਹਾ ਕਿ ਕਾਂਗਰਸ ਕੇਂਦਰ ਦੀ ਸਰਕਾਰ ਤੇ ਇਲਜ਼ਾਮ ਲਗਾ ਰਹੀ ਹੈ ਪਰ ਆਪਣੇ ਲੀਡਰਾਂ ਨੂੰ ਗੁੰਡਾ ਟੈਕਸ ਲਗਾਉਣ ਤੋਂ ਰੋਕੇ। ਹਾਲਾਂਕਿ, ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਕੇਂਦਰ ਦੀ ਸਰਕਾਰ 'ਤੇ ਸਮੇਂ 'ਤੇ ਕੰਮ ਨਾ ਪੂਰਾ ਕਰਨ ਦੇ ਇਲਜ਼ਾਮ ਲਗਾਏ ਸਨ।

ਕਰਤਾਰਪੁਰ ਗਲਿਆਰੇ ਤੋਂ ਇਲਾਵਾ ਸੀਬੀਆਈ ਵੱਲੋਂ ਬਰਗਾੜੀ ਮਾਮਲਿਆਂ ਦੀ ਤਫਤੀਸ਼ ਫਿਰ ਤੋਂ ਸ਼ੁਰੂ ਕਰਨ ਦੀ ਅਰਜ਼ੀ ਲਗਾਉਣ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਕਾਂਗਰਸ ਹੁਣ ਸੀਬੀਆਈ ਤੋਂ ਪੰਜਾਬ ਪੁਲਿਸ ਨੂੰ ਤਫ਼ਤੀਸ਼ ਦੇਣਾ ਚਾਹੁੰਦੀ ਹੈ ਇਹੀ ਕਾਂਗਰਸ ਦੇ ਲੀਡਰ ਅਕਾਲੀ ਦਲ ਦੀ ਸਰਕਾਰ ਨੂੰ ਸੀਬੀਆਈ ਤਫ਼ਤੀਸ਼ ਦੀ ਮੰਗ ਕਰਦੇ ਸੀ। ਸੁਖਬੀਰ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਖੁਦ ਹੀ ਨਹੀਂ ਪਤਾ ਕਿ ਉਹ ਕੀ ਕਰਨਾ ਚਾਹੁੰਦੇ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਵਿੱਚ ਰਵਿਦਾਸ ਦੇ ਮੰਦਿਰ ਤੋੜਨ ਦੇ ਮਸਲੇ 'ਤੇ ਵੀ ਬੈਠਕ ਕੀਤੀ ਗਈ। ਅਕਾਲੀ ਦਲ ਨੇ ਬੈਠਕ ਵਿੱਚ ਤੈਅ ਕੀਤਾ ਕਿ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਕੇਂਦਰ ਦੇ ਗ੍ਰਹਿ ਵਿਭਾਗ ਵੱਲੋਂ ਬਣਾਈ ਗਈ ਕਮੇਟੀ ਨਾਲ ਬੈਠਕ ਕਰੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਬਣਾਈ ਗਈ ਕਮੇਟੀ ਸੋਹਣ ਸਿੰਘ ਠੰਡਲ, ਗੁਲਜ਼ਾਰ ਸਿੰਘ ਰਣੀਕੇ, ਪਵਨ ਕੁਮਾਰ ਟੀਨੂੰ, ਨਿਰਮਲ ਸਿੰਘ ਕਾਹਲੋਂ ਬਲਦੇਵ ਖਹਿਰਾ ਅਤੇ ਸੁਖਵਿੰਦਰ ਸੁੱਖੀ ਰਹਿਣਗੇ। ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਭਲਕੇ ਸਵੇਰੇ ਨੌ ਵਜੇ ਕੇਂਦਰ ਵੱਲੋਂ ਗਠਿਤ ਕੀਤੀ ਗਈ ਕਮੇਟੀ ਨਾਲ ਬੈਠਕ ਕਰੇਗੀ।