ਸਿੱਧੂ ਦੀ ਪਤਨੀ ਨੂੰ ਸੁਖਬੀਰ ਨੇ ਕੀਤੀ ਇਹ ਪੇਸ਼ਕਸ਼
ਏਬੀਪੀ ਸਾਂਝਾ | 03 Apr 2019 08:14 PM (IST)
ਬਠਿੰਡਾ: ਚੰਡੀਗੜ੍ਹ ਤੋਂ ਟਿਕਟ ਦੀ ਚਾਹਵਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀਆਂ ਸਧਰਾਂ ਦਾ ਕਾਂਗਰਸ ਵੱਲੋਂ 'ਦਮਨ' ਹੋਣ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਪੇਸ਼ਕਸ਼ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਬੇਸ਼ੱਕ ਬਠਿੰਡਾ ਆ ਕੇ ਚੋਣ ਲੜ ਲੈਣ। ਦਰਅਸਲ, ਕੇਂਦਰੀ ਮੰਤਰੀ ਤੇ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਮੌਜੂਦਾ ਹਲਕੇ ਬਠਿੰਡਾ ਤੋਂ ਹੀ ਚੋਣ ਲੜਨਾ ਤਕਰੀਬਨ ਤੈਅ ਹੈ। ਪੰਜਾਬ ਦੇ ਵਿੱਤ ਮੰਤਰੀ ਤੇ ਹਰਸਿਮਰਤ ਦੇ ਦਿਓਰ ਲੋਕ ਸਭਾ ਚੋਣ ਲੜਨ ਤੋਂ ਇਨਕਾਰੀ ਹਨ। ਕਾਂਗਰਸੀ ਖੇਮੇ ਵਿੱਚ ਬਠਿੰਡਾ ਤੋਂ ਮਹਿਲਾ ਉਮੀਦਵਾਰ ਉਤਾਰੇ ਜਾਣ 'ਤੇ ਵਿਚਾਰਾਂ ਹੋ ਰਹੀਆਂ ਹਨ, ਤਾਂ ਸੁਖਬੀਰ ਬਾਦਲ ਨੇ ਚੁਨੌਤੀਪੂਰਨ ਲਹਿਜ਼ੇ ਵਿੱਚ ਕਿਹਾ ਕਿ ਉਹ ਇੱਥੇ ਆ ਸਕਦੇ ਹਨ। ਹਾਲਾਂਕਿ, ਚੰਡੀਗੜ੍ਹ ਤੋਂ ਟਿਕਟ ਰੱਦ ਹੋਣ ਮਗਰੋਂ ਨਵਜੋਤ ਕੌਰ ਨੇ ਵੀ ਕਿਤਿਓਂ ਹੋਰ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਪਾਰਟੀ ਨੇ ਇਸ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ। ਬਾਦਲ ਨੇ ਹਰਸਿਮਰਤ ਦੇ ਟਵੀਟ ਸਹਾਰੇ ਆਪਣੇ ਚਚੇਰੇ ਭਰਾ ਮਨਪ੍ਰੀਤ ਬਾਦਲ 'ਤੇ ਵਾਰ ਕਰਦਿਆਂ ਕਿਹਾ ਕਿ ਮਨਪ੍ਰੀਤ ਨੇ ਜਦੋਂ ਤੋਂ ਖ਼ਜ਼ਾਨਾ ਮੰਤਰੀ ਦਾ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕਦੇ ਵੀ ਸਮੇਂ ਸਿਰ ਨਾ ਹੋਈਆਂ। ਉਨ੍ਹਾਂ ਕਿਹਾ ਕਿ ਮਨਪ੍ਰੀਤ ਵਾਅਦਾ ਕਰਦਾ ਸੀ ਕਿ ਹਰ ਮਹੀਨੇ ਨਵਾਂ ਪ੍ਰਾਜੈਕਟ ਲਾਇਆ ਕਰਾਂਗੇ ਪਰ ਪਿਛਲੇ ਦੋ ਸਾਲਾਂ ਤੋਂ ਬਠਿੰਡਾ ਵਿੱਚ ਇੱਕ ਵੀ ਪ੍ਰਾਜੈਕਟ ਸ਼ੁਰੂ ਨਹੀਂ ਹੋਇਆ। ਉਨ੍ਹਾਂ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ ਵੀ ਲਪੇਟੇ ਵਿੱਚ ਲੈਂਦਿਆਂ ਕਿਹਾ ਕਿ ਇਹ ਵਾਅਦੇ ਕਰਨ ਜੋਗੇ ਹਨ ਪਰ ਵਫਾ ਨਹੀਂ ਕਰਦੇ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ, ਫਿਰ ਵੀ ਵਾਅਦੇ ਨਹੀਂ ਪੂਰੇ ਕੀਤੇ। ਉਨ੍ਹਾਂ ਮੁੱਖ ਮੰਤਰੀ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ।