ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਧੂ ਨੇ ਆਪਣੀ ਜੱਫੀ ਕਾਰਨ ਪੈਦਾ ਹੋਏ ਵਿਵਾਦ ਨੂੰ ਟਾਲਣ ਲਈ ਜਾਣਬੁੱਝ ਕੇ ਡਰਾਮਾ ਕੀਤਾ ਹੈ। ਬਾਦਲ ਨੇ ਸਿੱਧੂ ਨੂੰ ਚੈਲੰਜ ਕਰਨ ਤੋਂ ਇਲਾਵਾ ਬਰਗਾੜੀ ਜਾਂਚ ਕਮਿਸ਼ਨ ਦੇ ਮੁਖੀ ਦੀ ਵਿੱਦਿਅਕ ਯੋਗਤਾ ਪਰਖਣ ਦੀ ਮੰਗ ਵੀ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਗੱਲ ਬਦਲਣ ਲਈ ਜਾਣਬੁੱਝ ਕੇ ਡਰਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਵਾਲੇ ਫੈਸਲੇ ਸਰਕਾਰਾਂ ਦੇ ਪੱਧਰ 'ਤੇ ਹਨ ਤੇ ਸਿੱਧੂ ਦੇ ਲੈਵਲ 'ਤੇ ਇਹ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਇੱਕ ਮਹੀਨੇ ਦਾ ਸਮਾਂ ਦਿੰਦੇ ਹਾਂ ਉਹ ਪਾਕਿਸਤਾਨ ਜਾਵੇ ਤੇ ਉੱਥੇ ਜਾ ਕੇ ਗੱਲ ਕਰੇ ਤਾਂ ਕਿ ਜੰਮੂ-ਕਸ਼ਮੀਰ ਤੇ ਪੰਜਾਬ ਵਿੱਚ ਪਾਕਿਸਤਾਨ ਅੱਤਵਾਦੀ ਨਾ ਭੇਜੇ ਤੇ ਇੱਥੇ ਸ਼ਾਂਤੀ ਹੋ ਸਕੇ। ਹਾਲਾਂਕਿ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਲਿਖੇ ਪੱਤਰ ਵਾਲੇ ਸਵਾਲਾਂ ਤੋਂ ਸੁਖਬੀਰ ਬਾਦਲ ਟਾਲ਼ਾ ਵੱਟ ਗਏ। ਬਾਦਲ ਨੇ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਮੰਗ ਕੀਤੀ ਹੈ ਕਿ ਬੇਅਦਬੀ ਤੇ ਗੋਲ਼ੀਕਾਂਡਾਂ ਦੀ ਜਾਂਚ ਕਰ ਰਹੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੇ ਮੁਖੀ ਦੀ ਡਿਗਰੀ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਬਾਦਲ ਨੇ ਕਿਹਾ ਕਿ ਜਿਸ ਗ਼ੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕੰਮ ਕਰ ਰਹੇ ਹਨ, ਉਨ੍ਹਾਂ ਦੀ ਡਿਗਰੀ ਵੀ ਫ਼ਰਜ਼ੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ਵਿੱਚ ਅਕਾਲੀ ਸਰਕਾਰ ਨੇ ਉਸੇ ਵੇਲੇ ਹੀ ਐਸਆਈਟੀ ਬਣਾ ਦਿੱਤੀ ਸੀ ਤੇ ਸਿੱਖ ਆਗੂਆਂ ਦੇ ਕਹਿਣ 'ਤੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। ਉਨ੍ਹਾਂ ਕਮਿਸ਼ਨ ਵੱਲੋਂ ਮੁੱਖ ਗਵਾਹ ਦੇ ਦਬਾਅ ਤਹਿਤ ਲਏ ਗਏ ਬਿਆਨਾਂ ਦੇ ਮਾਮਲੇ 'ਤੇ ਕਿਹਾ ਕਿ ਇਹ ਸਾਰੀ ਸਾਜ਼ਿਸ਼ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਘੜ੍ਹੀ ਗਈ ਸੀ। ਬਾਦਲ ਨੇ ਕਿਹਾ ਕਿ ਹਿੰਮਤ ਸਿੰਘ ਨੂੰ ਰੰਧਾਵਾ ਦੇ ਘਰ ਬੁਲਾਇਆ ਗਿਆ ਸੀ ਤੇ ਉੱਥੇ ਉਸ ਦੇ ਬਿਆਨਾਂ 'ਤੇ ਦਸਤਖ਼ਤ ਕਰਵਾਏ ਸਨ।