ਨਿਊਯਾਰਕ: ਨਿਊਜਰਸੀ ਵਿੱਚ ਚਾਕੂ ਮਾਰ ਕੇ ਸਿੱਖ ਦਾ ਕਤਲ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 55 ਸਾਲਾ ਤਰਲੋਕ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਨੇਵਾਰਕ ਦੇ ਰਹਿਣ ਰੌਬਰੇਟੋ ਊਬੀਏਰਾ (55) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਤਰਲੋਕ ਸਿੰਘ ਦੇ ਸਟੋਰ ਦਾ ਹੀ ਕਰਮਚਾਰੀ ਸੀ।


ਐਸੈਕਸ ਕਾਊਂਟੀ ਦੇ ਵਕੀਲ ਰੌਬਰਟ ਲਊਰੀਨੋ ਨੇ ਦੱਸਿਆ ਕਿ ਫਿਲਹਾਲ ਕਤਲ ਪਿੱਛੇ ਕਾਰਨ ਸਪੱਸ਼ਟ ਨਹੀਂ ਹਨ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਆਪਣੀ ਕੁਵੇਲੇ ਦੀ ਡਿਊਟੀ ਤੋਂ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਤਰਲੋਕ ਸਿੰਘ ਆਪਣੇ ਪਿੱਛੇ ਪਤਨੀ ਤੇ ਬੱਚੇ ਛੱਡ ਗਿਆ ਹੈ, ਜੋ ਭਾਰਤ ਵਿੱਚ ਰਹਿੰਦੇ ਹਨ। ਜਾਣਕਾਰੀ ਮੁਤਾਬਕ ਤਰਲੋਕ ਸਿੰਘ ਪਿਛਲੇ ਛੇ ਸਾਲ ਤੋਂ ਆਪਣਾ ਸਟੋਰ ਚਲਾ ਰਿਹਾ ਸੀ ਤੇ ਉਸ ਦੇ ਗੁਆਂਢੀ ਉਸ ਨੂੰ ਬੇਹੱਦ ਨੇਕ ਇਨਸਾਨ ਦੱਸਦੇ ਸਨ। ਗੁਆਂਢੀਆਂ ਨੇ ਇਹ ਵੀ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦੇ ਆਪਣੇ ਦਫ਼ਤਰ ਕੋਲ ਉਸ 'ਤੇ ਹਮਲਾ ਹੋ ਜਾਵੇਗਾ।



ਬੀਤੀ 16 ਅਗਸਤ ਨੂੰ ਤਰਲੋਕ ਸਿੰਘ ਦੀ ਚਾਕੂਆਂ ਨਾਲ ਵਿੰਨ੍ਹੀ ਹੋਈ ਲਾਸ਼ ਉਸ ਦੇ ਭਰਾ ਨੂੰ ਮਿਲੀ ਸੀ। ਤਰਲੋਕ ਸਿੰਘ ਦੀ ਛਾਤੀ ਵਿੱਚ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਇਸ ਤੋਂ ਪਹਿਲਾਂ ਬੀਤੀ ਛੇ ਅਗਸਤ ਨੂੰ ਕੈਲੇਫੋਰਨੀਆ ਦੇ ਮੈਨਟੇਕਾ ਵਿੱਚ ਸਵੇਰ ਦੀ ਸੈਰ 'ਤੇ ਨਿਕਲੇ 71 ਸਾਲਾ ਸਾਹਿਬ ਸਿੰਘ ਨੂੰ ਦੋ ਅੱਲ੍ਹੜ ਉਮਰ ਦੇ ਅਮਰੀਕੀ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟਿਆ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਨੌਜਵਾਨ ਟਾਇਰੌਨ ਮੈਕਅਲਿਸਟਰ ਸਥਾਨਕ ਪੁਲਿਸ ਮੁਖੀ ਦਾ ਪੁੱਤਰ ਹੈ ਤੇ ਹੁਣ ਬਜ਼ੁਰਗ 'ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।



ਇਸ ਤੋਂ ਪਹਿਲਾਂ ਬੀਤੀ 31 ਜੁਲਾਈ ਨੂੰ 50 ਸਾਲਾ ਸੁਰਜੀਤ ਸਿੰਘ ਮੱਲ੍ਹੀ ਉੱਪਰ ਉਸ ਸਮੇਂ ਹਮਲਾ ਕੀਤਾ ਗਿਆ ਸੀ, ਜਦ ਉਹ ਰਿਪਬਲੀਕਨ ਕਾਂਗਰਸਮੈਨ ਜੈੱਫ ਡੈਨਹਮ ਦੇ ਪੋਸਟਰ ਚਿਪਕਾ ਰਿਹਾ ਸੀ। ਹਮਲਾਵਰ ਨੇ ਉਸ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਤੇ ਉਸ ਦੇ ਟਰੱਕ 'ਤੇ ਨਫ਼ਰਤ ਭਰੇ ਨਿਸ਼ਾਨ ਵੀ ਛਾਪ ਦਿੱਤੇ। ਪਿਛਲੇ ਕੁਝ ਤਿੰਨ ਹਫ਼ਤਿਆਂ ਵਿੱਚ ਸਿੱਖਾਂ 'ਤੇ ਹਮਲੇ ਦੀ ਇਹ ਤੀਜੀ ਘਟਨਾ ਵਾਪਰਨ ਨਾਲ ਭਾਈਚਾਰੇ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ ਹੈ।