ਵਰਜੀਨੀਆ: ਡੋਨਾਲਡ ਟਰੰਪ ਦੇ ਸਾਬਕਾ ਵਕੀਲ ਮਾਈਕਲ ਡੀ. ਕੋਹੇਨ ਨੂੰ ਗ਼ੈਰ-ਕਾਨੂੰਨੀ ਭੁਗਤਾਨ ਕਰਨ, ਟੈਕਸ ਸਬੰਧੀ ਧੋਖਾਧੜੀ, ਬੈਂਕ ਫਰਾਡ ਤੇ ਚੋਣਾਂ ਵਿੱਚ ਵਿੱਤੀ ਗੜਬੜੀ ਸਮੇਤ ਅੱਠ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਸੁਣਵਾਈ ਦੌਰਾਨ ਕੋਹੇਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਰਾਸ਼ਟਰਪਤੀ ਟਰੰਪ ਦੇ ਕਹਿਣ 'ਤੇ ਹੀ 2016 ਦੀਆਂ ਚੋਣਾਂ ਦੌਰਾਨ ਪੌਰਨ ਸਟਾਰ ਤੇ ਪਲੇਅਬੌਏ ਮੈਗ਼ਜ਼ੀਨ ਦੀ ਸਾਬਕਾ ਮਾਡਲ ਨੂੰ ਚੁੱਪ ਰਹਿਣ ਲਈ ਪੈਸੇ ਦਿੱਤੇ ਸਨ।


ਅਜਿਹਾ ਕਰਨ ਦਾ ਮੁੱਖ ਮਕਸਦ ਚੋਣਾਂ ਨੂੰ ਪ੍ਰਭਾਵਿਤ ਕਰਨਾ ਸੀ। ਮੈਨਹੱਟਨ ਸਥਿਤ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ ਵਿੱਚ ਕੋਹੇਨ ਨੇ ਟਰੰਪ 'ਤੇ ਵੀ ਇਸ ਮਾਮਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਉਧਰ, ਵਰਜੀਨੀਆ ਦੀ ਅਦਾਲਤ ਦੇ ਸਾਬਕਾ ਕੈਂਪੇਨਿੰਗ ਚੇਅਰਮੈਨ ਪੌਲ ਮੈਨਫੋਰਟ ਨੂੰ ਵਰਜੀਨੀਆ ਫੈਡਰਲ ਕੋਰਟ ਨੇ ਮੰਗਲਵਾਰ ਨੂੰ ਵਿੱਤੀ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ। ਉਨ੍ਹਾਂ ਨੂੰ 80 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।



ਇਨ੍ਹਾਂ ਮਾਮਲਿਆਂ ਵਿੱਚ ਫਸੇ ਹਨ ਕੋਹੇਨ: ਮਾਈਕਲ ਕੋਹੇਨ 'ਤੇ ਇਲਜ਼ਾਮ ਸੀ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਟੈਕਸ ਸਬੰਧੀ ਗੜਬੜੀਆਂ ਕੀਤੀਆਂ। ਇਸ ਦੇ ਨਾਲ ਹੀ ਉਸ 'ਤੇ ਦੋ ਔਰਤਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਭੁਗਤਾਨ ਵੀ ਕੀਤਾ ਸੀ। ਸੁਣਵਾਈ ਦੌਰਾਨ ਕੋਹੇਨ ਨੇ ਫੈਡਰਸ ਜੱਜ ਵਿਲੀਅਮ ਪਾਉਲੇ ਨੂੰ ਦੱਸਿਆ ਕਿ ਦੋ ਔਰਤਾਂ ਨੂੰ 1.30 ਲੱਖ ਤੇ 1.50 ਲੱਖ ਡਾਲਰ ਦਿੱਤੇ ਗਏ। ਉਨ੍ਹਾਂ ਔਰਤਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਟਰੰਪ ਨਾਲ ਸਬੰਧ ਸਨ। ਕੋਹੇਨ ਨੇ ਕਿਹਾ ਸੀ ਕਿ ਚੋਣਾਂ 'ਤੇ ਅਸਰ ਨਾ ਹੋਣ ਦੇਣ ਲਈ ਉਸ ਦੇ ਬੌਸ (ਟਰੰਪ) ਦੇ ਕਹਿਣ 'ਤੇ ਸੌਦੇਬਾਜ਼ੀ ਕੀਤੀ ਸੀ। ਇਸ ਤੋਂ ਇਲਾਵਾ ਕੋਹੇਨ ਨੂੰ 20 ਮਿਲੀਅਨ ਡਾਲਰ ਦੇ ਬੈਂਕ ਫਰਾਡ ਵਿੱਚ ਸ਼ਾਮਲ ਪਾਇਆ ਗਿਆ।

ਮੈਨਫੋਰਟ ਨੇ ਇਹ ਗੜਬੜੀਆਂ ਕੀਤੀਆਂ: ਇਸਤਗਾਸਾ ਪੱਖ ਦੇ ਵਕੀਲ ਨੇ ਕਿਹਾ ਕਿ ਸਾਲ 2010 ਤੋਂ 2014 ਦੌਰਾਨ ਮੈਨਫੋਰਟ ਨੇ ਵਿਦੇਸ਼ੀ ਬੈਂਕਾਂ ਵਿੱਚ 65 ਮਿਲੀਅਨ ਡਾਲਰ ਜਮ੍ਹਾ ਕੀਤੇ ਸਨ। ਉੱਥੇ ਹੀ, 15 ਮਿਲੀਅਨ ਡਾਲਰ ਲਗ਼ਜ਼ਰੀ ਵਸਤਾਂ ਖਰੀਦਣ ਲਈ ਖ਼ਰਚ ਕੀਤੇ ਸਨ। ਵਕੀਲ ਮੁਤਾਬਕ ਮੈਨਫੋਰਟ ਨੇ ਬੈਂਕਾਂ ਨੂੰ ਝੂਠ ਬੋਲ ਕੇ 20 ਮਿਲੀਅਨ ਡਾਲਰ ਵਿਦੇਸ਼ ਭੇਜੇ ਸਨ। ਨਾਲ ਹੀ, ਟਰੰਪ ਦੀ ਚੋਣ ਮੁਹਿੰਮ ਦੌਰਾਨ ਆਪਣੇ ਅਹੁਦੇ ਦਾ ਲਾਹਾ ਲੈਂਦਿਆਂ ਫੈਡਰਲ ਸੇਵਿੰਗ ਬੈਂਕ ਤੋਂ ਕਰਜ਼ ਵੀ ਲੈ ਲਿਆ ਸੀ।

ਚੋਣਾਂ 'ਤੇ ਪਵੇਗਾ ਅਸਰ: ਦੋ ਪੁਰਾਣੇ ਕਰੀਬੀਆਂ ਦੇ ਧੋਖਾਧੜੀ ਵਿੱਚ ਫਸਣ ਤੇ ਦੋ ਔਰਤਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਪੈਸੇ ਦੇਣ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਟਰੰਪ ਹੁਣ ਬੈਕਫੁੱਟ 'ਤੇ ਧੱਕੇ ਜਾ ਚੁੱਕੇ ਹਨ। ਫਿਲਹਾਲ ਉਨ੍ਹਾਂ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਂਝ, ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੋਹੇਨ ਦੇ ਇਲਜ਼ਾਮ ਨਾਲ ਟਰੰਪ 'ਤੇ ਦੋਸ਼ ਸਾਬਤ ਨਹੀਂ ਹੁੰਦਾ। ਪਰ ਨਵੰਬਰ ਵਿੱਚ ਹੋਣ ਵਾਲੀਆਂ ਅੱਧ-ਮਿਆਦੀ ਚੋਣਾਂ ਵਿੱਚ ਡੈਮੋਕ੍ਰੈਟਿਕਸ ਨੂੰ ਲਾਭ ਹੋ ਸਕਦਾ ਹੈ।