ਬਰੈਂਪਟਨ: ਕੈਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸੂਬੇ ਓਂਟਾਰੀਓ ਵਿੱਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਛੇਤੀ ਹੀ ਹੈਲਮੇਟ ਪਹਿਨਣ ਤੋਂ ਛੋਟ ਮਿਲਣ ਵਾਲੀ ਹੈ। ਓਂਟਾਰੀਓ ਕੈਨੇਡਾ ਦਾ ਚੌਥਾ ਸੂਬਾ ਹੋਵੇਗਾ, ਜਿੱਥੇ ਦਸਤਾਰਧਾਰੀ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਮਿਲੇਗੀ।


ਸੂਬੇ ਦੇ ਪ੍ਰੀਮੀਅਰ ਡੌਗ਼ ਫੋਰਡ ਨੇ ਬਰੈਂਪਟਨ ਵਿੱਚ ਇੰਟਰਵਿਊ ਦੌਰਾਨ ਇਹ ਐਲਾਨ ਕੀਤਾ। ਗੋਲ ਮੇਜ ਇੰਟਰਵਿਊ ਦੌਰਾਨ ਜਦ ਫੋਰਡ ਤੋਂ ਦਸਤਾਰਧਾਰੀ ਸਿੱਖਾਂ ਨੂੰ ਹੈਲਮੇਟ ਪਹਿਨਣ ਤੋਂ ਛੋਟ ਦੇਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਸੁਖਾਲਾ ਬਣਾ ਰਹੇ ਹਾਂ, ਕ੍ਰਿਸਮਿਸ ਤੋਂ ਪਹਿਲਾਂ।



ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਦੌਰਾਨ ਐਲਬਰਟਾ ਸੂਬਾ ਦਸਤਾਰਧਾਰੀ ਸਿੱਖਾਂ ਨੂੰ ਹੈਲਮੇਟ ਤੋਂ ਬਿਨਾ ਮੋਟਰਸਾਈਕਲ ਚਲਾਉਣ ਦੀ ਖੁੱਲ੍ਹ ਦੇਣ ਵਾਲਾ ਤੀਜਾ ਸੂਬਾ ਬਣ ਗਿਆ ਸੀ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਹੈਲਮੇਟ ਤੋਂ ਰਿਆਇਤ ਪਹਿਲਾਂ ਹੀ ਹਾਸਲ ਹੈ। ਹੁਣ ਅਜਿਹਾ ਛੋਟ ਲਾਗੂ ਕਰਨ ਵਾਲਾ ਓਂਟਾਰੀਓ ਚੌਥਾ ਸੂਬਾ ਬਣ ਜਾਵੇਗਾ।



ਹਾਲਾਂਕਿ, ਓਂਟਾਰੀਓ ਦੇ ਸਾਬਕਾ ਐਮਪੀਪੀ ਤੇ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਹੈਲਮੇਟ ਤੋਂ ਛੋਟ ਸਬੰਧੀ ਬਿਲ ਨੂੰ ਸਾਲ 2013 ਤੇ 2016 ਦੌਰਾਨ ਦੋ ਵਾਰ ਪੇਸ਼ ਕੀਤਾ ਸੀ, ਪਰ ਕੈਥਲੀਨ ਵੇਨੀਜ਼ ਦੀ ਲਿਬਰਲ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਓਂਟਾਰੀਓ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਦੇਣ ਲਈ ਆਵਾਜ਼ ਸਾਲ 2008 ਵਿੱਚ ਉੱਠੀ ਸੀ।

ਉਦੋਂ ਓਂਟਾਰੀਓ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਨੂੰ ਚੁਣੌਤੀ ਦਿੱਤੀ। ਦਰਅਸਲ, ਇਸ ਤੋਂ ਕੁਝ ਸਾਲ ਪਹਿਲਾਂ ਬਲਜਿੰਦਰ ਸਿੰਘ ਬਦੇਸ਼ਾ ਨੇ ਹੈਲਮੇਟ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਨ੍ਹਾਂ ਨੂੰ 110 ਡਾਲਰ ਦੀ ਟਿਕਟ (ਚਲਾਣ) ਜਾਰੀ ਹੋ ਗਈ ਸੀ। ਪਰ ਬਦੇਸ਼ਾ ਨੂੰ ਇਸ ਕੇਸ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਪ੍ਰੀਮੀਅਰ ਦੇ ਬਿਆਨ ਤੋਂ ਜਾਪ ਰਿਹਾ ਹੈ ਕਿ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਮਿਲ ਸਕਦੀ ਹੈ।