ਸਸਕੈਚਵਿਨ: ਛੇ ਅਪ੍ਰੈਲ, 2018 ਨੂੰ ਸੈਮੀ (ਟਰੱਕ) ਤੇ ਬੱਸ ਦਰਮਿਆਨ ਵਾਪਰੇ ਦਰਦਨਾਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਤੇ 13 ਦੇ ਜ਼ਖ਼ਮੀ ਹੋ ਜਾਣ ਦੇ ਮਾਮਲੇ ਵਿੱਚ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ ਦੀ ਅਦਾਲਤੀ ਪੇਸ਼ੀ ਮੁਲਤਵੀ ਹੋ ਗਈ ਹੈ। ਹੰਬੋਲਟ ਬ੍ਰੌਨਕੋਸ ਬੱਸ ਦੁਰਘਟਨਾ ਦੇ ਮਾਮਲੇ ਵਿੱਚ 21 ਅਗਸਤ ਨੂੰ ਜਸਕੀਰਤ ਸਿੱਧੂ ਦੀ ਪੇਸ਼ੀ ਸੀ, ਪਰ ਕੋਰਟ ਨੇ ਇਸ ਪੇਸ਼ੀ ਨੂੰ ਮੁਲਤਵੀ ਕਰ ਦਿੱਤਾ।




ਬੱਸ ਹਾਦਸੇ ਦੇ ਇਸ ਮਾਮਲੇ ਵਿੱਚ 29 ਸਾਲਾ ਜਸਕੀਰਤ ਸਿੱਧੂ ਸਿਰ ਖ਼ਤਰਨਾਕ ਡਰਾਈਵਿੰਗ ਸਬੰਧੀ 29 ਇਲਜ਼ਾਮ ਹਨ। ਸਿੱਧੂ ਨੂੰ ਬੀਤੀ ਛੇ ਜੁਲਾਈ ਦੀ ਸਵੇਰ ਉਸ ਦੇ ਕੈਲਗਿਰੀ ਸਥਿਤ ਘਰ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਸਕੀਰਤ ਸਿੱਧੂ ਨੇ ਸਸਕੈਚਵਿਨ ਦੇ ਕੋਰਟਰੂਮ ਵਿੱਚ ਹਾਜ਼ਰ ਹੋਣਾ ਸੀ, ਪਰ ਸਿੱਧੂ ਦੇ ਵਕੀਲ ਨੇ ਫੋਨ ਕਰਕੇ ਆਖਿਆ ਕਿ ਉਸ ਨੂੰ ਕਾਫੀ ਤਫ਼ਸੀਲ ਭਰੇ ਦਸਤਾਵੇਜ਼ ਤੇ ਜਾਣਕਾਰੀਆਂ ਮਿਲੀਆਂ ਹਨ। ਇਸ ਲਈ ਵਕੀਲ ਨੇ ਇਨ੍ਹਾਂ ਦੀ ਵਿਸਥਾਰ 'ਚ ਪੜਤਾਲ ਕਰਨ ਲਈ ਕੁਝ ਸਮੇਂ ਦੀ ਮੰਗ ਕੀਤੀ।

ਸਿੱਧੂ ਉੱਪਰ ਮੌਤ ਦਾ ਕਾਰਨ ਬਣੀ ਖਤਰਨਾਕ ਡਰਾਈਵਿੰਗ ਦੇ ਕੁਲ 16 ਇਲਜ਼ਾਮ ਲੱਗੇ ਹਨ ਤੇ ਸਰੀਰਕ ਨੁਕਸਾਨ ਪਹੁੰਚਾਉਣ ਵਾਲੀ ਖਤਰਨਾਕ ਡਰਾਈਵਿੰਗ ਦੇ 13 ਇਲਜ਼ਾਮ ਲੱਗੇ ਹਨ। ਸਿੱਧੂ ਦੀ ਅਗਲੀ ਪੇਸ਼ੀ 2 ਅਕਤੂਬਰ ਨੂੰ ਮੈਲਫੋਰਟ ਪ੍ਰੋਵਿੰਸ਼ੀਅਲ ਕੋਰਟ ਵਿੱਚ ਹੋਵੇਗੀ।



ਜ਼ਿਕਰਯੋਗ ਹੈ ਕਿ ਬ੍ਰੌਨਕੋਸ ਨਿਪਾਵਿਨ ਵੱਲ ਜਾ ਰਹੇ ਸਨ ਤੇ ਅਪ੍ਰੈਲ 6 ਨੂੰ ਉਨ੍ਹਾਂ ਇੱਕ ਪਲੇਅਆਫ ਗੇਮ ਖੇਡਣੀ ਸੀ, ਪਰ ਰਸਤੇ ਵਿੱਚ ਪੂਰਬੀ ਸਸਕੈਚਵਿਨ ਕੋਲ ਤਿੰਨ ਕੋਣੀ ਸੜਕ 'ਤੇ ਬੱਸ ਤੇ ਸੈਮੀ (ਟਰੱਕ) ਦੀ ਟੱਕਰ ਹੋ ਗਈ ਸੀ। ਇਸ ਟੱਕਰ ਵਿੱਚ ਸਸਕੈਚਵਿਨ ਜੂਨੀਅਰ ਹਾਕੀ ਲੀਗ ਟੀਮ ਦੇ ਖਿਡਾਰੀ ਤੇ ਸਟਾਫ ਮੈਂਬਰ ਸਣੇ 16 ਲੋਕਾਂ ਦੀ ਜਾਨ ਚਲੀ ਗਈ ਸੀ ਤੇ 13 ਲੋਕ ਜ਼ਖ਼ਮੀ ਹੋ ਗਏ ਸਨ।