ਟੋਰਾਂਟੋ: ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸਚੀਰ ਭਾਰਤ ਦੌਰੇ ਦਾ ਵਿਚਾਰ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਦੋਵਾਂ ਮੁਲਕਾਂ ਦੇ ਰਿਸ਼ਤਿਆਂ 'ਚ ਆਈ ਕੜਵਾਹਟ ਨੂੰ ਦਰੁਸਤ ਕਰਨ ਦੇ ਯਤਨਾਂ 'ਚ ਉਹ ਭਾਰਤ ਆਉਣਗੇ।


ਸਚੀਰ ਨੇ ਕਿਹਾ ਕਿ ਉਹ ਆਪਣੀ ਟੀਮ ਸਮੇਤ ਅਕਤੂਬਰ 'ਚ ਨੌਂ ਦਿਨਾਂ ਦੌਰੇ 'ਤੇ ਭਾਰਤ ਆਉਣਗੇ। ਇਸ ਦੌਰਾਨ ਸਚੀਰ ਸੀਨੀਅਰ ਭਾਰਤੀ ਅਧਿਕਾਰੀਆਂ ਦੇ ਨਾਲ-ਨਾਲ ਬਿਜ਼ਨਸਮੈਨਾਂ ਤੋਂ ਇਲਾਵਾ ਹੋਰਾਂ ਨਾਲ ਮੁਲਾਕਾਤ ਕਰਨਗੇ।


ਕੈਨੇਡਾ 'ਚ ਅਗਲੇ ਸਾਲ 21 ਅਕਤੂਬਰ, 2019 ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ ਤੇ ਟਰੂਡੋ ਨੇ ਮੁੜ ਚੋਣ ਲੜਨ ਦਾ ਐਲਾਨ ਕੀਤਾ ਹੈ। ਅਜਿਹੇ 'ਚ ਸਚੀਰ ਕੈਨੇਡਾ 'ਚ ਵੱਡੀ ਗਿਣਤੀ ਪਰਵਾਸੀ ਭਾਰਤੀਆਂ ਦੇ ਸਮਰਥਨ ਦੀ ਆਸ 'ਚ ਭਾਰਤ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ।


ਸਚੀਰ ਨੇ ਭਾਰਤ ਨੂੰ ਵਿਸ਼ਵ 'ਚ ਸਭ ਤੋਂ ਵੱਡਾ ਲੋਕਤੰਤਰ ਦੱਸਦਿਆਂ ਤੇਜ਼ੀ ਨਾਲ ਵਧ ਰਹੇ ਅਰਥਚਾਰੇ ਚੋਂ ਇਕ ਕਿਹਾ। ਉਨ੍ਹਾਂ ਕਿਹਾ ਕਿ ਕੰਜ਼ਰਵੇਟਿਵ ਸਰਕਾਰ ਸਾਡੇ ਮੁਲਕਾਂ ਦਰਮਿਆਨ ਰਿਸ਼ਤਿਆਂ ਦਾ ਵਿਸਥਾਰ ਕਰੇਗੀ ਤੇ ਸੁਰੱਖਿਆ, ਖੁਸ਼ਹਾਲੀ ਨੂੰ ਅੱਗੇ ਵਧਾਉਣ ਦੇ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਟਰੂਡੋ ਦੀ ਭਾਰਤ ਫੇਰੀ ਨੇ ਦੋਵਾਂ ਮੁਲਕਾਂ ਦੇ ਆਪਸੀ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਇਆ ਹੈ ਜਿਸ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਕੰਮ ਕਰਨਾ ਚਾਹੀਦਾ ਹੈ।


ਸਚੀਰ ਦੇ ਬੁਲਾਰੇ ਬਰੌਕ ਹੈਰੀਸਨ ਨੇ ਕਿਹਾ ਕਿ ਭਾਰਤ ਕਈ ਕਾਰਨਾਂ ਕਰਕੇ ਕੈਨੇਡਾ ਨਾਲ ਰਣਨੀਤਕ ਸਾਂਝ ਲਈ ਅਹਿਮ ਹੈ ਤੇ ਸਚੀਰ ਦੋਵਾਂ ਮੁਲਕਾਂ ਦੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਦੇ ਇਛੁਕ ਹਨ