ਵਾਸ਼ਿੰਗਟਨ: ਅਮਰੀਕਾ 'ਚ ਪੰਜ ਗੈਰ ਕਾਨੂੰਨੀ ਸਿੱਖ ਸ਼ਰਨਾਰਥੀਆਂ ਨੂੰ ਅੱਠ ਹੋਰਾਂ ਸਮੇਤ 3 ਮਹੀਨੇ ਦੀ ਕੈਦ ਤੋਂ ਬਾਅਦ ਬੌਂਡ 'ਤੇ ਰਿਹਾਅ ਕਰ ਦਿੱਤਾ ਗਿਆ। ਇੰਮੀਗ੍ਰੇਸ਼ਨ ਵਕੀਲ ਨੇ ਕਿਹਾ ਕਿ ਇਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਦੀ ਜ਼ੀਰੋ ਟੌਂਲਰੈਂਸ ਨੀਤੀ ਤਹਿਤ ਜੇਲ੍ਹ ਭੇਜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਮਈ 'ਚ ਓਰੇਗਨ 'ਚ ਨਜ਼ਰਬੰਦ 52 ਗੈਰਕਾਨੂੰਨੀ ਭਾਰਤੀ ਜਿਨ੍ਹਾਂ ਵਿੱਚੋਂ ਬਹੁ ਗਿਣਤੀ ਪੰਜਾਬੀਆਂ ਦੀ ਸੀ, ਅਮਰੀਕਾ 'ਚ ਸ਼ਰਣ ਲੈਣ ਦੇ ਯਤਨ 'ਚ ਸਨ। ਸ਼ੈਰੀਡਨ ਵਿੱਚੋਂ 124 ਗੈਰਕਾਨੂੰਨੀ ਸ਼ਰਨਾਰਥੀਆਂ 'ਚੋਂ ਵੱਡੀ ਗਿਣਤੀ ਭਾਰਤੀਆਂ ਦੀ ਸੀ।


ਪੰਜ ਸ਼ਰਨਾਰਥੀਆਂ ਨੇ ਬੁੱਧਵਾਰ ਨੂੰ ਤਿੰਨ ਮਹੀਨਿਆਂ ਦੀ ਕੈਦ ਤੋਂ ਬਾਅਦ ਬਾਹਰ ਆਉਣ 'ਤੇ ਧਰਤੀ ਚੁੰਮ ਕੇ ਪੁੱਛਿਆ ਕਿ ਇਹ ਸਚਮੁੱਚ ਅਸਲੀ ਹੈ। 24 ਸਾਲਾ ਕਰਨਦੀਪ ਸਿੰਘ ਦਾ ਕਹਿਣਾ ਹੈ ਕਿ ਸ਼ੁਰੂਆਤ 'ਚ ਉਨ੍ਹਾਂ ਨੂੰ ਰਿਹਾਅ ਹੋਣ ਦੀ ਕੋਈ ਉਮੀਦ ਨਹੀਂ ਸੀ। 22 ਸਾਲਾ ਲਵਪ੍ਰੀਤ ਸਿੰਘ ਨੇ ਦੁਭਾਸ਼ੀਏ ਰਾਹੀਂ ਦੱਸਿਆ ਕਿ ਸ਼ੁਰੂਆਤ 'ਚ ਉਹ ਬਹੁਤ ਤਣਾਅ 'ਚ ਚਲੇ ਗਏ ਸੀ। ਸਾਨੂੰ ਸਾਡੇ ਸੈੱਲ ਵਿੱਚੋਂ ਬਾਹਰ ਜਾਣ ਦੀ ਆਗਿਆ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸਾਡੇ ਪਰਿਵਾਰ ਵੀ ਸਾਡੀ ਮਦਦ ਕਿਵੇਂ ਕਰਦੇ ਜਦੋਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਕਿੱਥੇ ਹਾਂ।


ਰਿਪੋਰਟ 'ਚ ਕਿਹਾ ਗਿਆ ਕਿ ਭਾਰਤੀਆਂ 'ਚੋਂ ਬਹੁ-ਗਿਣਤੀ ਸਿੱਖਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਉਨ੍ਹਾਂ ਨੂੰ ਧਾਰਮਿਕ ਤੇ ਰਾਜਨੀਤਕ ਮਾਮਲਿਆਂ ਵਿੱਚ ਉਲਝਾਇਆ ਜਾਂਦਾ ਹੈ। ਇਸ ਦੌਰਾਨ ਸਿੱਖਾਂ ਨੇ ਸ਼ੈਰੀਡਨ ਜੇਲ੍ਹ ਦੀਆਂ ਕੁਝ ਸਮੱਸਿਆਵਾਂ ਦਾ ਜ਼ਿਕਰ ਵੀ ਕੀਤਾ ਜਿੱਥੇ ਉਨ੍ਹਾਂ ਨੂੰ ਕੁਝ ਬੁਨਿਆਦੀ ਸਿੱਖ ਸਿਧਾਤਾਂ ਤੋਂ ਵਰਜਿਆ ਜਾਂਦਾ ਸੀ।


ਕਰਨਦੀਪ ਸਿੰਘ ਨੇ ਕਿਹਾ ਕਿ ਉਹ ਇਸ ਲਈ ਜੇਲ੍ਹ ਅਧਿਕਾਰੀਆਂ ਨੂੰ ਦੋਸ਼ੀ ਨਹੀਂ ਠਹਿਰਾਉਂਦੇਂ ਕਿਉਂਕਿ ਉਹ ਜਾਣਦੇ ਹੀ ਨਹੀਂ ਕਿ ਸਿੱਖ ਅਰਦਾਸ ਕਿਵੇਂ ਕਰਦੇ ਹਨ। ਜ਼ਿਕਰਯੋਗ ਹੈ ਕਿ ਅੱਠ ਪਨਾਹ ਮੰਗਣ ਵਾਲਿਆਂ ਨੂੰ ਸ਼ੈਰੀਡਨ ਤੇ ਓਰੇਗਨ ਜੇਲ੍ਹ 'ਚੋਂ ਰਿਹਾਅ ਕੀਤਾ ਗਿਆ ਹੈ ਤੇ ਆਉਂਦੇ ਦਿਨਾਂ 'ਚ ਹੋਰ ਲੋਕਾਂ ਨੂੰ ਰਿਹਾਅ ਕੀਤੇ ਜਾਣ ਦੀ ਉਮੀਦ ਹੈ।