ਚੰਡੀਗੜ੍ਹ: ਨਵਜੋਤ ਸਿੱਧੂ ਦੀ ਪਾਕਿਸਤਾਨ ਫੇਰੀ ਤੋਂ ਬਾਅਦ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਦੱਸ ਦਈਏ ਕਿ ਸ਼ਰਧਾਲੂਆਂ ਵਾਸਤੇ ਇਹ ਲਾਂਘਾ ਖੋਲ੍ਹਣ ਲਈ ਚਿਰਾਂ ਤੋਂ ਅਰਦਾਸਾਂ ਦਾ ਸਿਲਸਿਲਾ ਜਾਰੀ ਹੈ। ਸਾਬਕਾ ਸੀਨੀਅਰ ਅਕਾਲੀ ਲੀਡਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਵਡਾਲਾ ਪਿਛਲੇ 18 ਸਾਲ ਤੋਂ ਇਹ ਲਾਂਘਾ ਖੁਲ੍ਹਣ ਦੀ ਅਰਦਾਸ ਕਰ ਰਹੇ ਸਨ।
ਹਰ ਮਹੀਨੇ ਮੱਸਿਆ ਵਾਲੇ ਦਿਨ ਹੋਣ ਵਾਲੀ ਅਰਦਾਸ ਲਈ ਵਡਾਲਾ ਦੀ ਮੌਤ ਤੋਂ ਬਾਅਦ ਨਕੋਦਰ ਤੋਂ ਵਿਧਾਇਕ ਉਨ੍ਹਾਂ ਦੇ ਬੇਟੇ ਗੁਰਪ੍ਰਤਾਪ ਵਡਾਲਾ ਨੇ ਸਿਲਸਿਲਾ ਜਾਰੀ ਰੱਖਿਆ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਜੂਨ ਵਿੱਚ ਕੁਲਦੀਪ ਸਿੰਘ ਵਡਾਲਾ ਦੀ ਮੌਤ ਹੋ ਗਈ ਸੀ।
ਇਸ ਬਾਬਤ 208 ਅਰਦਾਸਾਂ ਕੁਲਦੀਪ ਸਿੰਘ ਵਡਾਲਾ ਕਰ ਚੁੱਕੇ ਹਨ ਜਦਕਿ ਵਡਾਲਾ ਦੀ ਮੌਤ ਤੋਂ ਬਾਅਦ 209ਵੀਂ ਅਰਦਾਸ ਵਿੱਚ ਉਨ੍ਹਾਂ ਦਾ ਪੋਤਾ ਗਿਆ ਸੀ। ਜੁਲਾਈ ਤੇ ਅਗਸਤ ਦੀ ਅਰਦਾਸ ਵਿੱਚ ਵਿਧਾਇਕ ਗੁਰਪ੍ਰਤਾਪ ਵਡਾਲਾ ਗਏ ਸਨ। ਕੁਲਦੀਪ ਸਿੰਘ ਵਡਾਲਾ ਨੇ ਕਰਤਾਰਪੁਰ ਸਾਹਿਬ ਦਰਸ਼ਨ ਅਭਿਲਾਸ਼ੀ ਸੰਸਥਾ ਨਾਂ ਦੀ ਜਥੇਬੰਦੀ ਵੀ ਬਣਾਈ ਸੀ। ਅਰਦਾਸ ਤੋਂ ਪਹਿਲਾਂ ਅਕਸਰ ਉਹ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਇਸ ਬਾਰੇ ਆਪਣੀ ਮੰਗ ਰੱਖਦੇ ਸੀ।
ਕੁਲਦੀਪ ਵਡਾਲਾ ਦੀ ਦਰਸ਼ਨ ਅਭਿਲਾਸ਼ੀ ਸੰਸਥਾ ਦਾ ਵਫਦ ਇਸ ਵਾਸਤੇ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੂੰ ਵੀ ਮਿਲਿਆ ਸੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਵੀ ਇਸ ਵਾਸਤੇ ਮੁਲਾਕਾਤ ਹੋਈ ਸੀ। ਡਾ. ਮਨਮੋਹਨ ਸਿੰਘ ਨੇ ਤਤਕਾਲੀ ਐਕਸਟਰਨਲ ਅਫੇਅਰਜ਼ ਮੰਤਰੀ ਪ੍ਰਣਬ ਮੁਖਰਜੀ ਨੂੰ ਇਸ ਲਾਂਘੇ ਲਈ ਸੰਭਾਵਨਾਵਾਂ ਵੇਖਣ ਨੂੰ ਕਿਹਾ ਸੀ।
ਹਿੰਦੁਸਤਾਨ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ 'ਤੇ ਹੋਣ ਵਾਲੀ ਇਸ ਅਰਦਾਸ ਵਾਸਤੇ ਬੀਐਸਐਫ ਵੱਲੋਂ ਉੱਥੇ ਦਰਸ਼ਨ ਸਥਾਨ ਵੀ ਬਣਾਇਆ ਗਿਆ ਹੈ ਜਿੱਥੋਂ ਸ਼ਰਧਾਲੂ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਵੇਖ ਸਕਦੇ ਹਨ। ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦੀ ਦੂਰੀ ਸਿਰਫ ਤਿੰਨ ਕਿਲੋਮੀਟਰ ਹੈ।