ਨਵਾਂ ਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਦੇ ਨੌਜਵਾਨ ਦੀ ਅਮਰੀਕਾ ਜਾਂਦਿਆਂ ਲਾਪਤਾ ਹੋ ਜਾਣ ਦੀ ਖ਼ਬਰ ਹੈ। ਗੌਰਵ ਨਾਂ ਦਾ ਨੌਜਵਾਨ ਢਾਈ ਮਹੀਨੇ ਪਹਿਲਾਂ ਆਪਣੇ ਘਰ ਤੋਂ ਅਮਰੀਕਾ ਜਾਣ ਲਈ ਰਵਾਨਾ ਹੋਇਆ ਸੀ। ਉਸ ਦੇ ਮਾਪੇ ਕਈ ਸਾਲਾਂ ਤੋਂ ਅਮਰੀਕਾ ਰਹਿੰਦੇ ਹਨ ਤੇ ਗੌਰਵ ਗ਼ੈਰ ਕਾਨੂੰਨੀ ਢੰਗ ਨਾਲ ਉਨ੍ਹਾਂ ਕੋਲ ਪਹੁੰਚਣ ਦੀ ਕੋਸ਼ਿਸ਼ ਵਿੱਚ ਸੀ।

ਗੌਰਵ ਦੇ ਸਕੇ-ਸਬੰਧੀਆਂ ਨੇ ਦੱਸਿਆ ਕਿ ਉਸ ਦੇ ਨਾਲ ਪੰਜਾਬ ਦੇ ਹੀ ਤਕਰੀਬਨ ਅੱਠ ਹੋਰ ਨੌਜਵਾਨ ਵੀ ਨਾਲ ਹੀ ਸਨ, ਜਿਨ੍ਹਾਂ ਵਿੱਚ ਇੱਕ ਮੁਟਿਆਰ ਵੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਉਸ ਕੁੜੀ ਬਾਰੇ ਪਤਾ ਲੱਗਾ ਹੈ ਕਿ ਉਹ ਅਮਰੀਕੀ ਸਰਹੱਦ ਨੇੜੇ ਕਿਸੇ ਹਸਪਤਾਲ ਵਿੱਚ ਦਾਖ਼ਲ ਹੈ ਤੇ ਬੇਹੋਸ਼ ਹੈ। ਗੌਰਵ ਦੇ ਚਾਚਾ ਗੁਰਮੀਤ ਸੋਗੀ ਨੇ ਦੱਸਿਆ ਕਿ ਪਿਛਲੇ ਦਿਨੀਂ ਕਪੂਰਥਲਾ ਦੇ ਨੌਜਵਾਨ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੂਰਾ ਪਰਿਵਾਰ ਸਹਿਮ ਵਿੱਚ ਹੈ।

ਗੁਰਮੀਤ ਸੋਗੀ ਨੇ ਦੱਸਿਆ ਕਿ ਗੌਰਵ ਦੇ ਮਾਪੇ ਕਈ ਸਾਲਾਂ ਤੋਂ ਅਮਰੀਕਾ ਰਹਿ ਰਹੇ ਸਨ ਅਤੇ ਉਸ ਦੇ ਵੱਡੇ ਭਰਾ ਨੇ ਹੀ ਅਮਰੀਕਾ ਤੋਂ ਗੌਰਵ ਨੂੰ ਉੱਥੇ ਬੁਲਾਉਣ ਲਈ ਕਿਸੇ ਏਜੰਟ ਨਾਲ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ ਉਹ ਜੂਨ ਵਿੱਚ ਅਮਰੀਕਾ ਲਈ ਘਰੋਂ ਨਿੱਕਲ ਪਿਆ ਸੀ। ਗੌਰਵ ਦੇ ਚਾਚਾ, ਨਾਨਾ ਤੇ ਉਸ ਦੀ ਚਚੇਰੀ ਭੈਣ ਮੁਤਾਬਕ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਤਕ ਉਨ੍ਹਾਂ ਦੀ ਗੌਰਵ ਨਾਲ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਸੀ, ਪਰ ਇਸ ਤੋਂ ਬਾਅਦ ਉਨ੍ਹਾਂ ਦੀ ਗੱਲਬਾਤ ਬਿਲਕੁਲ ਹੀ ਬੰਦ ਹੋ ਗਈ।

ਉਨ੍ਹਾਂ ਦੱਸਿਆ ਕਿ ਆਖ਼ਰੀ ਸਮੇਂ ਗੌਰਵ ਮੈਕਸੀਕੋ ਦੇ ਜੰਗਲਾਂ ਵਿੱਚ ਸੀ ਤੇ ਉਨ੍ਹਾਂ ਕੋਲ ਸਿਰਫ ਪਾਣੀ ਦੀਆਂ ਦੋ ਬੋਤਲਾਂ ਸਨ ਤੇ ਖਾਣ-ਪੀਣ ਦਾ ਸਮਾਨ ਬਿਲਕੁਲ ਖ਼ਤਮ ਸੀ। ਪਰਿਵਾਰ ਨੇ ਸਰਕਾਰ ਤੋਂ ਗੌਰਵ ਦਾ ਪਤਾ ਲਾਉਣ ਬਾਰੇ ਅਪੀਲ ਕੀਤੀ ਹੈ।