ਐਡਮਿੰਟਨ: ਕੈਨੇਡਾ ਵਿੱਚ ਭਾਰਤੀ ਨੌਜਵਾਨ ਨੂੰ ਕਥਿਤ ਤੌਰ 'ਤੇ ਸਥਾਨਕ ਗੋਰੀ ਔਰਤ ਵੱਲੋਂ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਹੈ। ਦੋਵਾਂ ਵਿਚਾਲੇ ਕਾਰ ਖੜ੍ਹੀ ਕਰਨ ਦੌਰਾਨ ਤਕਰਾਰ ਹੋ ਗਈ, ਜਿਸ ਤੋਂ ਔਖੀ ਹੋ ਕੇ ਗੋਰੀ ਔਰਤ ਨੇ ਭਾਰਤੀ ਨੌਜਵਾਨ ਨੂੰ ਕਿਹਾ ਕਿ ਪਾਕੀ, ਆਪਣੇ ਦੇਸ਼ ਵਾਪਸ ਜਾ।


ਰਾਹੁਲ ਕੁਮਾਰ ਭਾਰਤ ਤੋਂ ਸੱਤ ਸਾਲ ਪਹਿਲਾਂ ਕੈਨੇਡਾ ਚਲਾ ਗਿਆ ਸੀ। ਸੀਟੀਵੀ ਨਿਊਜ਼ ਦੀ ਰਿਪੋਰਟ ਮੁਤਾਬਕ ਉਸ ਨੂੰ ਗੋਰੀ ਨੇ ਲੂਜ਼ਰ (ਹਾਰਿਆ ਹੋਇਆ ਇਨਸਾਨ) ਕਹਿ ਕੇ ਸੱਦਿਆ ਤੇ ਮਲ ਰੰਗੀ ਚਮੜੀ ਵਾਲਾ ਇਨਸਾਨ ਵੀ ਦੱਸਿਆ। ਰਾਹੁਲ ਨੇ ਉਸ ਦੇ ਘਰ ਦੇ ਬਾਹਰ ਵਾਪਰੀ ਇਸ ਘਟਨਾ ਨੂੰ ਆਪਣੇ ਫ਼ੋਨ ਵਿੱਚ ਰਿਕਾਰਡ ਕਰ ਲਿਆ।

ਅਜਿਹਾ ਕਰਨ 'ਤੇ ਉਹ ਹੋਰ ਚਿੜ ਗਈ ਤੇ ਕਿਹਾ, "ਪਾਕੀ ਤੂੰ ਸਾਰੀ ਫ਼ਿਲਮ ਬਣਾ ਲੈ। ਹਾਂ ਪਾਕੀ, ਤੂੰ ਇਹੋ ਹੀ ਹੈਂ ਮਲ ਰੰਗੀ ਚਮੜੀ ਵਾਲਿਆ।" ਇੰਨਾ ਹੀ ਨਹੀਂ ਉਕਤ ਔਰਤ ਨੇ ਐਡਮਿੰਟਨ ਦੇ ਸੀਟੀਵੀ ਦੀ ਉਨ੍ਹਾਂ ਵੱਲੋਂ ਪੇਸ਼ ਕੀਤੀ ਰਿਪੋਰਟ ਕਾਰਨ ਆਲੋਚਨਾ ਕੀਤੀ ਤੇ ਕਿਹਾ ਕਿ ਉਹ ਨਸਲਵਾਦੀ ਨਹੀਂ। ਉਸ ਨੇ ਇਹ ਵੀ ਕਿਹਾ ਕਿ ਜੋ ਕੁਝ ਵੀ ਹੋਇਆ ਉਸ 'ਤੇ ਉਸ ਨੂੰ ਕੋਈ ਗਿਲਾ ਨਹੀਂ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਇੱਕ ਗੋਰੇ ਨੇ ਭਾਰਤੀ ਜੋੜੇ ਨੂੰ ਉਨ੍ਹਾਂ ਦੇ ਬੱਚੇ ਮਾਰਨ ਦੀ ਧਮਕੀ ਵੀ ਦਿੰਦਿਆਂ ਕਿਹਾ ਸੀ ਕਿ ਆਪਣੇ ਦੇਸ਼ ਵਾਪਸ ਚਲੇ ਜਾਓ। ਕੈਨੇਡਾ ਵਿੱਚ ਵਧਦੀਆਂ ਜਾ ਰਹੀਆਂ ਇਨ੍ਹਾਂ ਨਸਲੀ ਭੇਦਭਾਵ ਦੀਆਂ ਘਟਨਾਵਾਂ ਕਾਰਨ ਪ੍ਰਵਾਸੀ ਭਾਰਤੀਆਂ ਵਿੱਚ ਕਾਫੀ ਰੋਸ ਹੈ।