ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਅਤੀਤ ਨੂੰ ਭੁਲਾ ਕੇ ਸਾਨੂੰ ਸਭ ਨੂੰ ਨਸ਼ਿਆਂ ਖਿਲਾਫ ਇਕ-ਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਆਸੀ ਭਾਵਨਾ ਤੋਂ ਉੱਪਰ ਉੱਠ ਕੇ ਇਸ ਮੁੱਦੇ ਪ੍ਰਤੀ ਗੰਭੀਰ ਹੋਣਾ ਪਏਗਾ। ਸੁਖਬੀਰ ਬਾਦਲ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਪੰਜਾਬ 'ਚ ਆਏ ਦਿਨ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।


ਸੁਖਬੀਰ ਬਾਦਲ ਨੇ ਕਿਹਾ ਕਿ ਇਹ ਰਾਜਨੀਤੀ ਖੇਡਣ ਦਾ ਸਮਾਂ ਨਹੀਂ ਹੈ ਤੇ ਅਕਾਲੀ ਦਲ ਇਸ ਵੇਲੇ ਪੰਜਾਬ ਸਰਕਾਰ ਵੱਲੋਂ ਚੋਣਾਂ ਵੇਲੇ ਨਸ਼ਾ ਬੰਦ ਕਰਨ ਦੇ ਮੁੱਦੇ 'ਤੇ ਫੇਲ੍ਹ ਰਹੀ ਪੰਜਾਬ ਸਰਕਾਰ ਦਾ ਕਿਸੇ ਤਰ੍ਹਾਂ ਲਾਹਾ ਨਹੀਂ ਲਵੇਗਾ।


ਸੁਖਬੀਰ ਨੇ ਕਿਹਾ ਕਿ ਇਸ ਵੇਲੇ ਪੰਜਾਬ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ ਤੇ ਅਜਿਹੇ 'ਚ ਅਤੀਤ ਨੂੰ ਭੁਲਾ ਕੇ ਨਸ਼ਿਆਂ ਦੀ ਇਸ ਸਮੱਸਿਆ ਨਾਲ ਨਜਿੱਠਣ ਲਈ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ।


ਬਾਦਲ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਅਕਾਲੀ ਦਲ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਲਈ ਤਿਆਰ ਹੈ। ਸੁਖਬੀਰ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਨੇ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਨੂੰ ਆਧਾਰ ਬਣਾ ਕੇ ਚੋਣਾਂ ਜਿੱਤ ਲਈਆਂ ਪਰ ਅੱਜ ਪੰਜਾਬ ਹਾਰ ਰਿਹਾ ਹੈ।


ਸੁਖਬੀਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਝ ਸਿਆਸੀ ਪਾਰਟੀਆਂ ਨੇ ਇਸ ਗੱਲ ਨੂੰ ਮੁੱਦਾ ਬਣਾ ਕੇ ਸਿਆਸੀ ਲਾਹਾ ਲਿਆ ਕਿ ਅਕਾਲੀ ਦਲ ਵੇਲੇ ਪੰਜਾਬ ਦੇ 70 ਫ਼ੀਸਦੀ ਨੌਜਵਾਨ ਨਸ਼ਿਆਂ ਦੀ ਲਪੇਟ 'ਚ ਹਨ।


ਉਨ੍ਹਾਂ ਇਹ ਵੀ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਨਸ਼ਿਆਂ ਖਿਲਾਫ ਧਾਰਮਿਕ ਲਹਿਰ ਚਲਾਉਣ ਦੀ ਅਪੀਲ ਕਰਨਗੇ।