ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਤੋਂ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਸੁਖਬੀਰ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਜਾ ਚੁੱਕੇ ਹਨ, ਇਸ ਲਈ ਉਨ੍ਹਾਂ ਆਪਣੀ ਵਿਧਾਇਕੀ ਛੱਡ ਦਿੱਤੀ ਹੈ। ਉਨ੍ਹਾਂ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਹੈ। ਹੁਣ, ਜਲਾਲਾਬਾਦ ਹਲਕੇ ਲਈ ਜ਼ਿਮਨੀ ਚੋਣ ਹੋਣੀ ਤੈਅ ਹੈ।


ਹਾਲਾਂਕਿ, ਇਹ ਵੀ ਤੈਅ ਹੈ ਕਿ ਸੁਖਬੀਰ ਵਾਪਸ ਸੂਬੇ ਦੀ ਸਿਆਸਤ ਵਿੱਚ ਆਉਣਗੇ ਅਤੇ ਇਸ ਵਾਰ ਉਹ ਖ਼ਾਸ ਰਣਨਿਤੀ ਤਹਿਤ ਹੀ ਸੰਸਦ ਵਿੱਚ ਪਹੁੰਚੇ ਹਨ। ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਅਕਾਲੀ ਦਲ ਪੰਜਾਬ ਦੀ ਹੋਰ ਕਿਸੇ ਲੋਕ ਸਭਾ ਸੀਟ 'ਤੇ ਜਿੱਤ ਨਹੀਂ ਸੀ ਦਰਜ ਕਰ ਸਕਿਆ। ਪਰ ਬਾਦਲ ਪਰਿਵਾਰ ਆਪਣੇ ਖ਼ਾਸ ਸਿਆਸੀ ਮਕਸਦ ਵਿੱਚ ਕੁਝ ਹੱਦ ਤਕ ਕਾਮਯਾਬ ਜ਼ਰੂਰ ਹੋ ਗਿਆ ਜਾਪਦਾ ਹੈ।

ਇਸ ਵਾਰ ਇਕੱਲੇ ਸੁਖਬੀਰ ਨਹੀਂ, ਬਲਕਿ ਭਾਰਤੀ ਜਨਤਾ ਪਾਰਟੀ ਦੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਤੇ ਕੇਂਦਰੀ ਰਾਜ ਮੰਤਰੀ ਬਣੇ ਸੋਮ ਪ੍ਰਕਾਸ਼ ਵੀ ਆਪਣੀ ਫਗਵਾੜਾ ਦੀ ਵਿਧਾਇਕੀ ਛੱਡਣਗੇ। ਅਜਿਹੇ ਵਿੱਚ ਹੁਣ ਚਰਚਾ ਦਾ ਵਿਸ਼ਾ ਹੋਵੇਗਾ ਕਿ ਅਕਾਲੀ ਦਲ ਤੇ ਭਾਜਪਾ ਕਿਸ-ਕਿਸ ਨੂੰ ਇੱਥੋਂ ਜ਼ਿਮਨੀ ਚੋਣ ਲੜਵਾਉਂਦੀ ਹੈ।