ਅਰਸ਼ਦੀਪ ਕੌਰ

ਸੰਗਰੂਰ: ਪਰਮਿੰਦਰ ਸਿੰਘ ਢੀਂਡਸਾ ਇਸ ਵਾਰ ਸੰਗਰੂਰ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ। ਅਕਾਲੀ ਦਲ ਵਿੱਚ ਜੋ ਇਸ ਸਮੇਂ ਚੱਲ ਰਿਹਾ ਹੈ ਜਾਂ ਅਕਾਲੀ ਦਲ ਜਿਸ ਤਰ੍ਹਾਂ ਨਾਲ ਇਸ ਸਮੇਂ ਵਿਚਰ ਰਿਹਾ ਹੈ, ਉਸ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਜ਼ਰੂਰ ਪੜ੍ਹੋ- ਚੋਣ ਲੜਨ ਬਾਰੇ ਦੁਚਿੱਤੀ 'ਚ ਢੀਂਡਸਾ, ਪਿਓ ਦੀ ਮੰਨੇ ਕਿ ਪ੍ਰਧਾਨ ਦੀ..!

ਢੀਂਡਸਾ ਨੂੰ ਮਨਾਉਣ ਲਈ ਸੁਖਬੀਰ ਬਾਦਲ ਨੇ ਪਿਛਲੇ ਤਿੰਨ ਦਿਨਾਂ ਤੋਂ ਸੰਗਰੂਰ ਵਿੱਚ ਡੇਰੇ ਲਾਏ ਹੋਏ ਹਨ। ਲੋਕ ਸਭਾ ਹਲਕੇ ਵਿੱਚ ਵਿਚਰਦੇ ਹੋਏ ਉਹ ਆਪਣੇ ਨਾਲ ਪਰਮਿੰਦਰ ਢੀਂਡਸਾ ਨੂੰ ਆਪਣੇ ਨਾਲ ਲੈ ਕੇ ਚੱਲ ਰਹੇ ਹਨ। ਅੱਜ ਜਦ ਸੁਖਬੀਰ ਸੰਗਰੂਰ ਹਲਕੇ ਦੇ ਸੁਨਾਮ ਪਹੁੰਚਣਾ ਸੀ, ਪਰ ਹੋਰਡਿੰਗਜ਼ 'ਚ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਬਰਾਬਰ ਥਾਂ ਦਿੱਤੀ ਗਈ ਸੀ।



ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਲਹਿਰਾਗਾਗਾ ਤੋਂ ਮੌਜੂਦਾ ਵਿਧਾਇਕ ਪਰ ਪਾਰਟੀ ਤੇ ਪ੍ਰਧਾਨ ਸਾਬ ਪੂਰਾ ਜ਼ੋਰ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਪਿਤਾ ਦੀ ਥਾਂ ਸੰਗਰੂਰ ਤੋਂ ਚੋਣ ਲੜਾਈ ਜਾਵੇ। ਹਾਲਾਂਕਿ, ਇਹ ਸੀਟ ਅਕਾਲੀ ਦਲ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ, ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੂੰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ 2 ਲੱਖ 11 ਹਜ਼ਾਰ 721 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।

ਜ਼ਰੂਰ ਪੜ੍ਹੋ- ਹਰਸਿਮਰਤ ਖ਼ਿਲਾਫ਼ ਚੋਣ ਲੜਨ ਲਈ ਸੁਖਬੀਰ ਬਾਦਲ ਨੇ ਵੰਗਾਰੇ ਭਗਵੰਤ ਮਾਨ

ਇਸ ਵਾਰ ਸੁਖਦੇਵ ਸਿੰਘ ਢੀਂਡਸਾ ਖ਼ੁਦ ਵੀ ਪਾਸੇ ਹੋ ਗਏ ਹਨ ਅਤੇ ਨਾਲੇ ਇਹ ਵੀ ਨਹੀਂ ਚਾਹੁੰਦੇ ਕਿ ਪੁੱਤਰ ਵੀ ਚੋਣ ਮੈਦਾਨ 'ਚ ਆਵੇ। ਪਰ ਸੁਖਬੀਰ ਬਾਦਲ ਵੀ ਪੂਰੀ ਵਾਹ ਲਗਾ ਰਹੇ ਹਨ ਕਿ ਢੀਂਡਸਾ ਚੋਣ ਲੜਨ। ਅੱਜ ਜਦੋਂ ਸੁਖਬੀਰ ਬਾਦਲ ਨੂੰ ਸੁਖਦੇਵ ਸਿੰਘ ਢੀਂਡਸਾ ਬਾਰੇ ਪੁੱਛਿਆ ਗਿਆ ਕਿ ਕੀ ਉਹ ਇਨ੍ਹਾਂ ਚੋਣਾਂ 'ਚ ਪਾਰਟੀ ਲਈ ਪ੍ਰਚਾਰ ਕਰਨਗੇ ਤਾਂ ਗੋਲਮੋਲ ਜਵਾਬ ਦਿੱਤਾ।



ਸੁਖਦੇਵ ਸਿੰਘ ਢੀਂਡਸਾ ਨੇ ਹੀ ਅਕਾਲੀ ਦਲ 'ਚ ਅਸਤੀਫਿਆਂ ਦਾ ਦੌਰ ਚਲਾਇਆ ਸੀ। ਪਾਰਟੀ ਖ਼ਿਲਾਫ਼ ਬਗ਼ੈਰ ਕੁਝ ਬੋਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ 29 ਸਤੰਬਰ 2018 ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਢੀਂਡਸਾ ਇਹ ਵੀ ਕਈ ਵਾਰ ਐਲਾਨ ਕਰ ਚੁੱਕੇ ਹਨ ਉਹ ਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਲੋਕ ਸਭਾ ਚੋਣਾਂ ਨਾ ਲੜੇ।

ਸਬੰਧਤ ਖ਼ਬਰ- ਅਕਾਲੀਆਂ ਦੀ 'ਟਿਕਟ' ਨਾ ਆਈ ਰਾਸ, ਵਿਧਾਇਕਾ ਦੇ ਅਫਸਰ ਪਤੀ ਨੇ ਲਿਆ ਯੂ-ਟਰਨ

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਨਮੋਸ਼ੀਜਨਕ ਹਾਰ ਹੋਣ ਮਗਰੋਂ ਦੋ ਸਾਲ ਬਾਅਦ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ 'ਤੇ ਵੱਡਾ ਸੰਕਟ ਹੈ। ਹੁਣ ਤਾਂ ਇੱਥੋ ਤਕ ਕਿਹਾ ਜਾ ਰਿਹਾ ਕਿ ਪਾਰਟੀ ਨੂੰ ਚੰਗੇ ਉਮੀਦਵਾਰ ਨਹੀਂ ਮਿਲ ਰਹੇ। ਇਸੇ ਲਈ ਪਾਰਟੀ ਦੇ ਚੰਗੇ ਤੇ ਵੱਡੇ ਚਿਹਰਿਆਂ 'ਤੇ ਹੀ ਦਾਅ ਖੇਡਿਆ ਜਾ ਰਿਹਾ ਹੈ, ਜਿਨ੍ਹਾਂ ਵਿੱਚ ਪਰਮਿੰਦਰ ਢੀਂਡਸਾ ਵੀ ਇੱਕ ਨਾਂਅ ਹੈ। ਖੈਰ ਪੁੱਤ 'ਤੇ ਪਿਤਾ ਦੀ ਚੱਲਦੀ ਹੈ ਜਾਂ ਪਾਰਟੀ ਪ੍ਰਧਾਨ ਦੀ, ਇਹ ਤਾਂ ਕੁਝ ਹੀ ਦਿਨਾਂ 'ਚ ਸਾਫ ਹੋ ਜਾਏਗਾ।